ਪੁੱਤਰ ਦੀ ਖ਼ੁਦਕੁਸ਼ੀ ਵੀਡੀਓ ਦੇਖਣ ਮਗਰੋਂ ਪਿਤਾ ਨੇ ਨਿਗਲਿਆ ਕੀਟਨਾਸ਼ਕ, ਮੌਤ
Monday, Sep 21, 2026 - 05:04 PM (IST)
ਬਠਿੰਡਾ (ਸੁਖਵਿੰਦਰ) : ਸਿਵੀਆਂ ਪਿੰਡ 'ਚ ਇੱਕ ਪੁੱਤਰ ਵਲੋਂ ਰੇਲਵੇ ਲਾਈਨਾਂ 'ਤੇ ਜਾ ਕੇ ਖ਼ੁਦਕੁਸ਼ੀ ਕਰਨ ਦੀ ਵੀਡੀਓ ਪਿਤਾ ਨੂੰ ਮਿਲਣ 'ਤੇ ਉਸ ਵਲੋਂ ਕੀਟਨਾਸ਼ਕ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ,ਜਦੋਂ ਕਿ ਉਸਦੇ ਪੁੱਤ ਨੂੰ ਲੋਕਾਂ ਨੇ ਬਚਾ ਲਿਆ। ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਪਿੰਡ ਸਿਵੀਆਂ ਵਾਸੀ ਨਾਜ਼ਰ ਸਿੰਘ (65) ਨੇ ਖ਼ੁਦਕੁਸ਼ੀ ਕਰ ਲਈ। ਉਸਦੇ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਅੰਗਰੇਜ਼ ਸਿੰਘ ਨੇ ਕਰੀਬ ਚਾਰ ਸਾਲ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਅੰਗਰੇਜ਼ ਸਿੰਘ ਦੀ ਪਤਨੀ ਦਾ ਵਿਆਹ ਉਸ ਨਾਲ ਹੋਇਆ ਸੀ।
ਹਾਲਾਂਕਿ ਉਸਦੀ ਪਤਨੀ ਦੇ ਕਿਸੇ ਹੋਰ ਆਦਮੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਹ ਪਰੇਸ਼ਾਨ ਸੀ। ਕੁੱਝ ਸਮਾਂ ਪਹਿਲਾਂ ਉਸਦੀ ਪਤਨੀ ਉਸ ਨੂੰ ਛੱਡ ਗਈ, ਜਿਸ ਨਾਲ ਉਹ ਹੋਰ ਵੀ ਪਰੇਸ਼ਾਨ ਹੋ ਗਿਆ। ਇਸ ਪਰੇਸ਼ਾਨੀ ਕਾਰਨ ਉਹ ਖ਼ੁਦਕੁਸ਼ੀ ਕਰਨ ਦੇ ਇਰਾਦੇ ਨਾਲ ਰੇਲਵੇ ਪਟੜੀਆਂ 'ਤੇ ਚਲਾ ਗਿਆ। ਉੱਥੋਂ, ਉਸਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ।
ਜਦੋਂ ਉਸਦੇ ਪਿਤਾ ਨਾਜ਼ਰ ਸਿੰਘ ਨੂੰ ਵੀਡੀਓ ਬਾਰੇ ਪਤਾ ਲੱਗਾ ਤਾਂ ਉਸਨੇ ਕੀਟਨਾਸ਼ਕ ਨਿਗਲ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਦੌਰਾਨ ਵੀਡੀਓ ਦੇਖਣ ਵਾਲੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਬੂਟਾ ਸਿੰਘ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਿਆ ਅਤੇ ਉਸ ਨੂੰ ਘਰ ਵਾਪਸ ਲੈ ਗਏ। ਘਰ ਵਾਪਸ ਆਉਣ 'ਤੇ ਉਸ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਨੇ ਕੀਟਨਾਸ਼ਕ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਣ 'ਤੇ ਪੁਲਸ ਅਤੇ ਸੰਸਥਾ ਵਰਕਰ ਮੌਕੇ 'ਤੇ ਪਹੁੰਚੇ। ਪੁਲਸ ਕਾਰਵਾਈ ਤੋਂ ਬਾਅਦ ਸੰਗਠਨ ਦੇ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।
