ਖਰੜ ਦੇ ਪਿੰਡ ''ਚ ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, 2 ਲੋਕ ਗ੍ਰਿਫ਼ਤਾਰ

Tuesday, Aug 04, 2020 - 09:06 AM (IST)

ਖਰੜ ਦੇ ਪਿੰਡ ''ਚ ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, 2 ਲੋਕ ਗ੍ਰਿਫ਼ਤਾਰ

ਖਰੜ : ਥਾਣਾ ਖਰੜ ਦੇ ਨਜ਼ਦੀਕੀ ਪਿੰਡ ਬਜਹੇੜੀ 'ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ 2 ਨੌਜਵਾਨਾਂ ਖਿਲਾਫ਼ ਧਾਰਾ-304 ਤਹਿਤ ਮਾਮਲਾ ਦਰਜ ਕੀਤਾ ਹੈ। ਗੁਰਪ੍ਰੀਤ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਪਰਿਵਾਰ ਸਮੇਤ ਅੰਬਾਲਾ 'ਚ ਰਹਿੰਦਾ ਹੈ, ਜਦੋਂ ਕਿ ਉਸਦਾ ਭਰਾ ਗੁਰਦਰਸ਼ਨ ਸਿੰਘ (35) ਇੱਥੇ ਇਕੱਲਾ ਹੀ ਰਹਿੰਦਾ ਸੀ ਅਤੇ ਖੇਤੀਬਾੜੀ ਕਰਦਾ ਸੀ। ਪਿਛਲੇ ਐਤਵਾਰ ਸਵੇਰੇ ਕਰੀਬ ਸਾਢੇ 11 ਵਜੇ ਪਿੰਡ ਦੇ ਗੁਆਂਢੀ ਹਰਵਿੰਦਰ ਸਿੰਘ ਨੇ ਉਸ ਨੂੰ ਫੋਨ ’ਤੇ ਸੂਚਨਾ ਦਿੱਤੀ ਕਿ ਉਸ ਦਾ ਭਰਾ ਘਰ ’ਚ ਬੇਹੋਸ਼ੀ ਦੀ ਹਾਲਤ 'ਚ ਪਿਆ ਹੈ।

ਉਸ ਨੂੰ ਪਿੰਡ ਦੇ ਲੋਕ ਖਰੜ ਦੇ ਇਕ ਨਿੱਜੀ ਹਸਪਤਾਲ 'ਚ ਲੈ ਗਏ ਹਨ ਪਰ ਉੱਥੇ ਪਹੁੰਚਦੇ ਹੀ ਉਸਦੇ ਭਰਾ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਭਰਾ ਦੀ ਲਾਸ਼ ਨੂੰ ਵੇਖ ਕੇ ਪਤਾ ਲੱਗਾ ਕਿ ਭਰਾ ਦੇ ਪੈਰ ’ਤੇ ਸੜਕ ’ਤੇ ਘਸੀਟੇ ਜਾਣ ਵਰਗੇ ਨਿਸ਼ਾਨ ਪਾਏ ਗਏ ਹਨ। ਉੱਥੇ ਹੀ ਪਿੰਡ ਦੇ ਲੋਕਾਂ ਨੇ ਉਸ ਨੂੰ ਦੱਸਿਆ ਦੀ 2 ਲੋਕ ਉਸ ਦੇ ਭਰਾ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਇਕ ਰਾਤ ਪਹਿਲਾਂ ਕਿਤੇ ਲੈ ਗਏ ਸਨ। ਇਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਘਰ ਛੱਡ ਗਏ। ਉਸ ਨੇ ਦੋਸ਼ ਲਾਇਆ ਕਿ ਦੋਹਾਂ ਮੁਲਜ਼ਮਾਂ ਨੇ ਉਸ ਦੇ ਭਰਾ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਮਾਰਕੁੱਟ ਕੀਤੀ ਅਤੇ ਉਸ ਦਾ ਕਤਲ ਕਰ ਦਿੱਤਾ ਹੈ।
ਪਹਿਲਾਂ ਸ਼ਰਾਬ ਪੀਤੀ ਫਿਰ ਨਸ਼ੇ ਦੇ ਟੀਕੇ ਲਾਏ
ਮੁੱਢਲੀ ਜਾਂਚ 'ਚ ਪੁਲਸ ਸੂਤਰਾਂ ਅਨੁਸਾਰ ਗੁਰਦਰਸ਼ਨ ਨਸ਼ੇ ਦਾ ਆਦੀ ਸੀ। ਪੁਲਸ ਵਲੋਂ ਦੋਹਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਰਾਤ ਪਹਿਲਾਂ ਗੁਰਦਰਸ਼ਨ ਸਿੰਘ ਨੇ ਉਨ੍ਹਾਂ ਨਾਲ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਉਹ ਪਿੰਡ ਰੁੜਕੀ 'ਚ ਚਲਿਆ ਗਿਆ ਸੀ। ਇੱਥੇ ਉਸ ਨੇ ਕਿਸੇ ਨਾਲ ਮੈਡੀਕਲ ਨਸ਼ਾ ਕੀਤਾ। ਉਸ ਤੋਂ ਬਾਅਦ ਉਹ ਦੋਵੇਂ ਉਸ ਨੂੰ ਨਸ਼ੇ ਦੀ ਹਾਲਤ 'ਚ ਘਰ ਛੱਡ ਗਏ ਸਨ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਨੇ ਕੋਈ ਟੀਕਾ ਲਾ ਕੇ ਨਸ਼ਾ ਕੀਤਾ ਸੀ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਘਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਬੇਟੀ ਅਤੇ ਪਤਨੀ ਆਸਟ੍ਰੇਲੀਆ ’ਚ
ਜਾਂਚ ਅਧਿਕਾਰੀ ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਆਹਿਆ ਸੀ। ਉਸ ਦੀ ਪਤਨੀ ਅਤੇ 5 ਸਾਲਾ ਬੇਟੀ ਆਸਟ੍ਰੇਲੀਆ 'ਚ ਰਹਿ ਰਹੇ ਹਨ। ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News