ਮਾਛੀਵਾੜਾ ''ਚ ''ਕੋਰੋਨਾ'' ਦਾ ਕਹਿਰ, ਨੌਜਵਾਨ ਨੇ ਤੋੜਿਆ ਦਮ

Monday, Aug 31, 2020 - 01:12 PM (IST)

ਮਾਛੀਵਾੜਾ ''ਚ ''ਕੋਰੋਨਾ'' ਦਾ ਕਹਿਰ, ਨੌਜਵਾਨ ਨੇ ਤੋੜਿਆ ਦਮ

ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਜ਼ਿਲ੍ਹੇ ’ਚ ਕੋਰੋਨਾ ਮਹਾਮਾਰੀ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਅੱਜ ਮਾਛੀਵਾੜਾ ਦੇ ਪ੍ਰਸਿੱਧ ਤੇ ਸਮਾਜ ਸੇਵੀ ਕਾਰਜਾਂ ’ਚ ਮੋਹਰੀ ਚੋਪੜਾ ਪਰਿਵਾਰ ਦੇ ਘਰ ਦੇ ਨੌਜਵਾਨ ਪੁੱਤਰ ਗੌਤਮ ਚੋਪੜਾ ਦੀ ਇਸ ਬੀਮਾਰੀ ਕਾਰਣ ਮੌਤ ਹੋ ਗਈ। ਮਾਛੀਵਾੜਾ ਦੇ ਨਿੱਜੀ ਸਕੂਲ ਦੇ ਪ੍ਰਬੰਧਕ ਸੁਰੇਸ਼ ਚੋਪੜਾ ਤੇ ਦਿਨੇਸ਼ ਚੋਪੜਾ ਦਾ ਭਤੀਜਾ ਗੌਤਮ ਚੋਪੜਾ ਲੁਧਿਆਣਾ ਵਿਖੇ ਇੱਕ ਨਿੱਜੀ ਬੈਂਕ ’ਚ ਉੱਚ ਅਹੁਦੇ ’ਤੇ ਨਿਯੁਕਤ ਸੀ ਕਿ ਕਰੀਬ 15 ਦਿਨ ਪਹਿਲਾਂ ਉਸ ਨੂੰ ਨਿਮੋਨੀਆ ਦੀ ਸ਼ਿਕਾਇਤ ਹੋਈ।

ਪਰਿਵਾਰ ਵੱਲੋਂ ਉਸ ਨੂੰ ਲੁਧਿਆਣਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ। 15 ਦਿਨ ਕੋਰੋਨਾ ਬੀਮਾਰੀ ਨਾਲ ਲੜ੍ਹਦਿਆਂ ਅਖੀਰ ਗੌਤਮ ਚੋਪੜਾ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਐਤਵਾਰ ਨੂੰ ਉਸ ਦਾ ਇਲਾਜ ਦੌਰਾਨ ਦਿਹਾਂਤ ਹੋ ਗਿਆ। ਨੌਜਵਾਨ ਸਪੁੱਤਰ ਦੀ ਮੌਤ ਨਾਲ ਚੋਪੜਾ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਅਤੇ ਇਲਾਕੇ ’ਚ ਵੀ ਸੋਗ ਦੀ ਲਹਿਰ ਛਾ ਗਈ ਕਿਉਂਕਿ ਗੌਤਮ ਚੋਪੜਾ ਇੱਕ ਪੜ੍ਹਿਆ-ਲਿਖਿਆ ਤੇ ਹੋਣਹਾਰ ਨੌਜਵਾਨ ਸੀ।

ਨੌਜਵਾਨ ਗੌਤਮ ਚੋਪੜਾ ਦੇ ਪਿਤਾ ਵਰਿੰਦਰ ਚੋਪੜਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਉਸ ਸਮੇਂ ਇਹ ਨੌਜਵਾਨ ਡੇਢ ਸਾਲ ਦਾ ਸੀ। ਇਸ ਦਾ ਪਾਲਣ-ਪੋਸ਼ਣ ਚਾਚਾ ਸੁਰੇਸ਼ ਚੋਪੜਾ ਤੇ ਦਿਨੇਸ਼ ਚੋਪੜਾ ਨੇ ਕੀਤਾ, ਜਿਨ੍ਹਾਂ ਆਪਣੇ ਪੁੱਤਾਂ ਨਾਲੋਂ ਵੱਧ ਇਸ ਨੂੰ ਪਿਆਰ ਦਿੱਤਾ ਅਤੇ ਪੜ੍ਹਾ-ਲਿਖਾ ਕੇ ਬੈਂਕ ਦਾ ਉੱਚ ਅਧਿਕਾਰੀ ਬਣਾਇਆ ਪਰ ਉਸ ਦੀ ਅਚਨਚੇਤ ਮੌਤ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।


author

Babita

Content Editor

Related News