ਬਨੂੜ ''ਚ ਵਾਪਰੇ ਭਿਆਨਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
Saturday, Oct 23, 2021 - 04:23 PM (IST)
 
            
            ਬਨੂੜ (ਗੁਰਪਾਲ) : ਬਨੂੜ ਤੋਂ ਤੇਪਲਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਮੋਟਰਸਾਈਕਲ ਚਾਲਕ ਨੂੰ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਉਰਫ਼ ਰਵੀ ਪੁੱਤਰ ਦਲਬੀਰ ਸਿੰਘ ਵਾਸੀ ਬਾਂਡਿਆ ਬਸੀ ਵਾਰਡ ਨੰਬਰ-13 ਬਨੂੜ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ 7 ਦਿਨਾਂ ਦੇ ਪੁੱਤਰ ਅਤੇ 2 ਸਾਲਾ ਬੱਚੀ ਦਾ ਪਿਓ ਸੀ।
ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ 10 ਕੁ ਵਜੇ ਨੌਜਵਾਨ ਰਣਜੀਤ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਤੇਪਲਾ ਤੋਂ ਬਨੂੜ ਵੱਲ ਨੂੰ ਆ ਰਿਹਾ ਸੀ। ਜਦੋਂ ਉਕਤ ਨੌਜਵਾਨ ਬਨੂੜ ਸ਼ਹਿਰ ਦੀ ਹਦੂਦ 'ਚ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਸਥਿਤ ਸਿਵਾ ਹਸਪਤਾਲ ਦੇ ਸਾਹਮਣੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਦੌਰਾਨ ਨੌਜਵਾਨ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਡੇਰਾਬੱਸੀ ਦੇ ਸਿਵਲ ਹਸਪਤਾਲ 'ਚੋਂ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            