ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

12/16/2018 7:43:35 PM

ਮਾਛੀਵਾੜਾ ਸਾਹਿਬ/ਲੁਧਿਆਣਾ, (ਟੱਕਰ)- ਥਾਣਾ ਕੂੰਮਕਲਾਂ ਅਧੀਨ ਪੈਂਦਾ ਪਿੰਡ ਚੌਂਤਾ ਜੋ ਕਿ ਪੰਜਾਬ ਵਿਚ ਨਸ਼ਿਆਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ ਅੱਜ ਉਥੇ ਇੱਕ ਹੋਰ ਗਰੀਬ ਪਰਿਵਾਰ ਦਾ ਪੁੱਤ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ਵਿਚ ਜਾ ਪਿਆ।

ਜਾਣਕਾਰੀ ਅਨੁਸਾਰ ਨੌਜਵਾਨ ਗੁਰਮੀਤ ਰਾਮ ਉਰਫ਼ ਗੀਤੀ (25) ਜੋ ਕਿ ਕੱਲ ਰਾਤ ਆਪਣੇ ਪਿੰਡ ਦੇ ਹੀ ਕੁੱਝ ਦੋਸਤਾਂ ਨਾਲ ਨਸ਼ਾ ਕਰਨ ਲਈ ਗਿਆ ਸੀ ਅਤੇ ਜਦੋਂ ਉਹ ਰਾਤ ਨੂੰ ਵਾਪਿਸ ਘਰ ਆਇਆ ਤਾਂ ਅਚਾਨਕ ਉਸਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸੁਰਜੀਤ ਰਾਮ ਨੇ ਦੱਸਿਆ ਕਿ ਉਸਦਾ ਭਰਾ ਗੁਰਮੀਤ ਰਾਮ ਨਸ਼ੇ ਦਾ ਆਦੀ ਸੀ ਅਤੇ ਉਸਦੀ ਮੌਤ ਵੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮ੍ਰਿਤਕ ਗੁਰਮੀਤ ਰਾਮ ਦੇ ਪਿਤਾ ਫਕੀਰ ਚੰਦ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਤ ਦੀ ਗਰੀਬੀ ਤੇ ਉਪਰੋਂ ਨਸ਼ਿਆਂ ਕਾਰਨ ਇਸ ਘਰ ਦਾ ਇੱਕ ਨੌਜਵਾਨ ਪੁੱਤ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਸਦਾ ਲਈ ਡੁੱਬ ਗਿਆ।

ਜ਼ਿਕਰਯੋਗ ਹੈ ਕਿ ਥਾਣਾ ਕੂੰਮਕਲਾਂ ਦਾ ਪਿੰਡ ਚੌਂਤਾ ਨਸ਼ਿਆਂ ਕਾਰਨ ਪਿਛਲੇ 2 ਸਾਲਾਂ ਤੋਂ ਸੁਰਖ਼ੀਆਂ ਵਿਚ ਹੈ ਅਤੇ ਪਿੰਡ ਵਾਸੀਆਂ ਅਨੁਸਾਰ ਪਿਛਲੇ ਕਰੀਬ ਡੇਢ ਸਾਲ 'ਚ ਪਿੰਡ 'ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਇਹ ਚੌਥੇ ਨੌਜਵਾਨ ਦੀ ਮੌਤ ਹੁੰਦੀ ਹੈ। ਇਸ ਤੋਂ ਇਲਾਵਾ ਪਿੰਡ ਚੌਂਤਾ ਤੋਂ ਆਸ-ਪਾਸ ਦੇ ਪਿੰਡਾਂ 'ਚ ਨਸ਼ੇ ਦੀ ਸਪਲਾਈ ਹੋਣ ਕਾਰਨ ਹੋਰ ਵੀ ਕਈ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰ ਚੁੱਕੇ ਹਨ ਅਤੇ ਕੁੱਝ ਦਿਨ ਪਹਿਲਾਂ ਨੇੜ੍ਹਲੇ ਪਿੰਡ ਲੱਖੋਵਾਲ ਦਾ ਨੌਜਵਾਨ ਵੀ ਨਸ਼ਿਆਂ ਕਾਰਨ ਮਰਿਆ ਸੀ।


Related News