ਮੋਹਾਲੀ : ਪੁਲਸ ਥਾਣੇ ''ਚ ਨੌਜਵਾਨ ਦੀ ਮੌਤ ਦਾ ਮਾਮਲਾ ਫਿਰ ਗਰਮਾਇਆ
Saturday, Feb 24, 2018 - 11:46 AM (IST)

ਮੋਹਾਲੀ (ਰਾਣਾ) : ਮਟੌਰ ਥਾਣੇ ਦੇ ਲਾਕਅਪ 'ਚ ਹੋਈ 30 ਸਾਲ ਦੇ ਪ੍ਰਵੀਨ ਸ਼ਰਮਾ ਦੀ ਮੌਤ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ ਕਿਉਂਕਿ ਉਸ ਦਾ ਪਰਿਵਾਰ ਥਾਣੇ ਵਿਚ ਕੇਸ ਦੀ ਸਟੇਟ ਤੇ ਡੀ. ਡੀ. ਆਰ. ਦੀ ਕਾਪੀ ਲੈਣ ਲਈ ਪਹੁੰਚਿਆ ਸੀ, ਜਿਥੇ ਉਨ੍ਹਾਂ ਨੂੰ ਨਾ ਤਾਂ ਕੇਸ ਦਾ ਸਟੇਟਸ ਦੱਸਿਆ ਗਿਆ ਤੇ ਨਾ ਹੀ ਡੀ. ਡੀ. ਆਰ. ਦੀ ਕਾਪੀ ਦਿੱਤੀ ਗਈ, ਜਿਸ ਤੋਂ ਬਾਅਦ ਪਰਿਵਾਰ ਹੁਣ ਪੁਲਸ ਖਿਲਾਫ ਮੋਰਚਾ ਖੋਲ੍ਹਣ ਲਈ ਮਜਬੂਰ ਹੋ ਗਿਆ ਹੈ।
ਮੁੱਖ ਮੰਤਰੀ ਕੋਲ ਲਾਉਣਗੇ ਗੁਹਾਰ
ਮ੍ਰਿਤਕ ਦੇ ਭਰਾ ਪਰਵਿੰਦਰ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਤੇ ਜਦੋਂ ਉਸ ਦੀ ਮੌਤ ਹੋਈ ਤਾਂ ਉਹ ਮਟੌਰ ਥਾਣੇ ਦੇ ਲਾਕਅਪ ਵਿਚ ਬੰਦ ਸੀ। ਪੁਲਸ ਨੇ ਹੁਣ ਤਕ ਉਸ ਦੇ ਭਰਾ ਦੀ ਮੌਤ ਦਾ ਅਸਲ ਕਾਰਨ ਨਹੀਂ ਦੱਸਿਆ। ਪਰਵਿੰਦਰ ਨੇ ਕਿਹਾ ਕਿ ਮਟੌਰ ਥਾਣੇ ਵਿਚ ਕੇਸ ਦਾ ਸਟੇਟਸ ਤੇ ਡੀ. ਡੀ. ਆਰ. ਦੀ ਕਾਪੀ ਲੈਣ ਲਈ ਉਹ ਗਏ ਸਨ। ਪੁਲਸ ਉਥੇ ਬਹਾਨੇਬਾਜ਼ੀਆਂ ਕਰਦੀ ਰਹੀ ਤੇ ਸਾਨੂੰ ਸਾਰਾ ਦਿਨ ਥਾਣੇ ਦੇ ਬਾਹਰ ਬਿਠਾ ਕੇ ਰੱਖਿਆ ਪਰ ਡੀ. ਡੀ. ਆਰ. ਦੀ ਕਾਪੀ ਮੁਹੱਈਆ ਨਹੀਂ ਕਰਵਾਈ।