ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
Monday, Jun 17, 2024 - 12:28 PM (IST)
ਬਠਿੰਡਾ (ਵਰਮਾ) : ਬੀੜ ਤਾਲਾਬ ਕਾਲੋਨੀ ਨੰਬਰ-3 'ਚ ਐਤਵਾਰ ਨੂੰ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੈ ਸਿੰਘ ਪੁੱਤਰ ਮੁਖਤਿਆਰ ਸਿੰਘ ਵਜੋਂ ਹੋਈ ਹੈ। ਬੀੜ ਤਾਲਾਬ ਦੇ ਸ਼ਮਸ਼ਾਨਘਾਟ 'ਚ ਇਕ ਨੌਜਵਾਨ ਦੀ ਚਿੱਟੇ ਦਾ ਨਸ਼ਾ ਕਰਦੇ ਹੋਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਬੀੜ ਤਾਲਾਬ ਕਾਲੋਨੀ ਦੇ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕੀਤੀ। ਪੁਲਸ ਨੇ ਇਸ ਦੌਰਾਨ ਕੁੱਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਵੀ ਲਿਆ ਹੈ।
ਬੀੜ ਤਾਲਾਬ ਬਸਤੀ ਨੰਬਰ-3 ਦੇ ਵਿਜੇ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਅਜੈ ਸਿੰਘ ਨਾਂ ਦੇ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦੇ ਇਲਾਕੇ 'ਚ ਨਸ਼ਾ ਆਮ ਹੈ। ਵਿਜੇ ਅਨੁਸਾਰ ਹੁਣ ਤੱਕ 15 ਤੋਂ ਵੱਧ ਨੌਜਵਾਨਾਂ ਦੀ ਚਿੱਟੇ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਸਮੇਂ-ਸਮੇਂ ’ਤੇ ਬੀੜ ਤਾਲਾਬ ਦੀਆਂ ਬਸਤੀਆਂ ’ਚ ਛਾਪੇਮਾਰੀ ਕਰਦੀ ਹੈ ਪਰ ਇਸ ਦੇ ਬਾਵਜੂਦ ਚਿੱਟੇ ਦੇ ਤਸਕਰ ਆਸਾਨੀ ਨਾਲ ਚਿੱਟਾ ਵੇਚਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਬੀੜ ਤਾਲਾਬ ਬਸਤੀ ਨੰਬਰ-2 ਦੇ ਸ਼ਮਸ਼ਾਨਘਾਟ 'ਚ ਅਕਸਰ ਹੀ ਨੌਜਵਾਨ ਚਿੱਟਾ ਪੀਣ ਲਈ ਆਉਂਦੇ ਹਨ। ਜਦੋਂ ਇਕ ਨੌਜਵਾਨ ਸ਼ਮਸ਼ਾਨਘਾਟ ’ਚ ਚਿੱਟਾ ਪੀ ਰਿਹਾ ਸੀ ਤਾਂ ਉਸ ਦੀ ਵੀਡੀਓ ਵਾਇਰਲ ਹੋ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੁਲਸ ਨੇ ਕਈ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਤੋਂ ਇਲਾਵਾ ਸੀ. ਐੱਸ. ਓ. ਆਪਰੇਸ਼ਨ ਤਹਿਤ ਪੁਲਸ ਦੀ ਕਾਰਵਾਈ ਲਗਾਤਾਰ ਜਾਰੀ ਹੈ, ਜਿਸ ਤਹਿਤ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾਂਦੀ ਹੈ।