ਵਿਦੇਸ਼ੋਂ ਆਏ ਨੌਜਵਾਨ ਦੀ ਪਿੰਡ ਦੇ ਖੇਤਾਂ ''ਚੋਂ ਮਿਲੀ ਲਾਸ਼, ਫੈਲੀ ਸਨਸਨੀ

Wednesday, Oct 08, 2025 - 01:01 PM (IST)

ਵਿਦੇਸ਼ੋਂ ਆਏ ਨੌਜਵਾਨ ਦੀ ਪਿੰਡ ਦੇ ਖੇਤਾਂ ''ਚੋਂ ਮਿਲੀ ਲਾਸ਼, ਫੈਲੀ ਸਨਸਨੀ

ਤਲਵੰਡੀ ਸਾਬੋ (ਮੁਨੀਸ਼) : ਇੱਥੇ ਦੋ ਮਹੀਨਾਂ ਪਹਿਲਾਂ ਵਿਦੇਸ਼ੋਂ ਛੁੱਟੀ ਕੱਟਣ ਆਏ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਦੇ ਨੌਜਵਾਨ ਦੀ ਪਿੰਡ ਦੇ ਖੇਤਾਂ ’ਚੋਂ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ, ਜਦੋਂ ਕਿ ਉਕਤ ਨੌਜਵਾਨ ਨੂੰ ਨਸ਼ੇ ਦੀ ਵੱਧ ਮਾਤਰਾ ਦੇ ਕੇ ਮਾਰਨ ਦੇ ਕਥਿਤ ਦੋਸ਼ਾਂ ਤਹਿਤ ਮ੍ਰਿਤਕ ਨੌਜਵਾਨ ਦੇ ਦਾਦੇ ਦੇ ਬਿਆਨਾਂ ਦੇ ਆਧਾਰ ’ਤੇ ਇਕ ਮੈਡੀਕਲ ਸਟੋਰ ਸੰਚਾਲਕ ਅਤੇ ਪਿੰਡ ਦੇ ਤਿੰਨ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।ਜਾਣਕਾਰੀ ਅਨੁਸਾਰ ਪਿੰਡ ਸੀਂਗੋ ਦਾ ਨੌਜਵਾਨ ਰਣਦੀਪ ਸਿੰਘ (22) ਰਾਣਾ ਤਕਰੀਬਨ ਤਿੰਨ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਹੁਣ ਤਿੰਨ ਮਹੀਨੇ ਦੀ ਛੁੱਟੀ ਕੱਟਣ ਲਈ ਕਰੀਬ ਦੋ ਮਹੀਨੇ ਪਹਿਲਾਂ ਪਿੰਡ ਵਾਪਸ ਆਇਆ ਸੀ।

ਉਕਤ ਨੌਜਵਾਨ ਦੇ ਦਾਦੇ ਬਖਸ਼ੀ ਸਿੰਘ ਵੱਲੋਂ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਬੀਤੇ ਕੱਲ੍ਹ ਦੁਪਹਿਰ ਉਹ ਵਾਲ ਕਟਵਾਉਣ ਦਾ ਕਹਿ ਕੇ ਆਪਣੇ ਮੋਟਰਸਾਈਕਲ ਤੇ ਘਰੋਂ ਗਿਆ ਪਰ ਵਾਪਸ ਨਹੀਂ ਆਇਆ ਅਤੇ ਉਸਦਾ ਫੋਨ ਵੀ ਬੰਦ ਆਉਣ ਲੱਗ ਗਿਆ ਤਾਂ ਉਨ੍ਹਾਂ ਨੇ ਉਸਦੀ ਭਾਲ ਆਰੰਭ ਦਿੱਤੀ। ਸਵੇਰੇ ਪਤਾ ਲੱਗਣ ’ਤੇ ਕਿ ਉਸਦੇ ਪੋਤੇ ਦੀ ਲਾਸ਼ ਇਕ ਖੇਤ ਵਿਚ ਪਈ ਹੈ ਤਾਂ ਉਹ ਮੋਹਤਬਰਾਂ ਨੂੰ ਨਾਲ ਲੈ ਕੇ ਉਕਤ ਖੇਤ ਪੁੱਜਾ, ਜਿੱਥੇ ਪੋਤੇ ਦੀ ਲਾਸ਼ ਕੋਲ ਉਸਦਾ ਮੋਟਰਸਾਈਕਲ ਤਾਂ ਖੜ੍ਹਾ ਸੀ ਪਰ ਉਸਦਾ ਮੋਬਾਇਲ ਫੋਨ ਅਤੇ ਬਾਂਹ ’ਚ ਪਾਇਆ ਚਾਂਦੀ ਦਾ ਕੜ੍ਹਾ ਕਿਧਰੇ ਨਜ਼ਰ ਨਹੀਂ ਆਇਆ। ਉਨ੍ਹਾਂ ਨੇ ਐਂਬੂਲੈਂਸ ਰਾਹੀਂ ਲਾਸ਼ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ।

ਉਧਰ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਭੇਜ ਕੇ ਤਲਵੰਡੀ ਸਾਬੋ ਪੁਲਸ ਨੇ ਬਖਸ਼ੀ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੁਰਵਿੰਦਰ ਸਿੰਘ, ਸੋਹਲ ਸਿੱਧੂ, ਅਮਰੀਕ ਸਿੰਘ ਅਤੇ ਸ਼ਿਵਰਾਜ ਸਿੰਘ ਵਾਸੀਆਨ ਪਿੰਡ ਸੀਂਗੋ ਖ਼ਿਲਾਫ਼ ਨੌਜਵਾਨ ਰਣਦੀਪ ਸਿੰਘ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਦੇ ਕਥਿਤ ਦੋਸ਼ਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਡੀ. ਐੱਸ. ਪੀ. ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਨੌਜਵਾਨ ਰਣਦੀਪ ਨੂੰ ਪਿੰਡ ਦੇ ਕੁੱਝ ਨੌਜਵਾਨ ਨਾਲ ਲੈ ਗਏ ਸਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਨੌਜਵਾਨ ਨੂੰ ਨਸ਼ੇ ਦੀ ਵੱਧ ਡੋਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

Babita

Content Editor

Related News