ਯੂਥ ਕਾਂਗਰਸੀਆਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

04/11/2018 3:43:29 AM

ਸੁਲਤਾਨਪੁਰ ਲੋਧੀ, (ਧੀਰ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਫੰਡ ਦੇਣ 'ਚ ਕੀਤੀ ਜਾ ਰਹੀ ਦੇਰੀ, ਭੇਦਭਾਵ ਦੇ ਵਿਰੁੱਧ ਅੱਜ ਹਲਕਾ ਸੁਲਤਾਨਪੁਰ ਲੋਧੀ 'ਚ ਯੂਥ ਆਗੂ ਜੀਤ ਸਿੰਘ ਮੀਰਪੁਰ ਦੀ ਅਗਵਾਈ ਹੇਠ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਗਟ ਕੀਤਾ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ।
 ਸੰਬੋਧਨ ਕਰਦਿਆਂ ਜੀਤ ਮੀਰਪੁਰ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਦੀ ਕੇਂਦਰ 'ਚ ਆਈ ਹੈ, ਉਹ ਪੰਜਾਬ ਦੇ ਨਾਲ ਕਥਿਤ ਤੌਰ 'ਤੇ ਭੇਦਭਾਵ ਕਰ ਰਹੀ ਹੈ। ਮੋਦੀ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਪੰਜਾਬ ਦੇ ਦਲਿਤ ਵਿਦਿਆਰਥੀਆਂ ਲਈ 1615.79 ਕਰੋੜ ਰੁਪਏ ਦੇ ਫੰਡ ਜਾਣਬੁਝ ਕੇ ਰਿਲੀਜ਼ ਨਹੀਂ ਕਰ ਰਹੀ ਹੈ। ਕੇਂਦਰ ਸਰਕਾਰ ਨੂੰ ਅਨੁਸੂਚਿਤ ਜਾਤੀਆਂ ਦੇ ਕਲਿਆਣ ਦੀ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹਾ ਸ਼ੁਰੂ ਹੋ ਚੁੱਕਾ ਹੈ ਪਰ ਸਰਕਾਰ ਪਿਛਲੇ ਸਾਲਾਂ ਦੇ ਫੰਡਾਂ ਨੂੰ ਹੀ ਰਿਲੀਜ਼ ਨਹੀਂ ਕਰ ਸਕੀ ਹੈ, ਜਿਸ ਤੋਂ ਮੋਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਪਹਿਲਾਂ ਐੱਸ. ਸੀ., ਐੱਸ. ਟੀ. ਐਕਟ ਦੇ ਵਿਰੁੱਧ ਮਾਣਯੋਗ ਸੁਪਰੀਮ ਕੋਰਟ 'ਚ ਕੋਈ ਪੈਰਵਾਈ ਨਹੀਂ ਕੀਤੀ ਤੇ ਹੁਣ ਉਨ੍ਹਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
 ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ 2015-16 ਦੇ 328.72 ਕਰੋੜ, 2016-17 ਦੇ 719.52 ਕਰੋੜ ਤੇ 2017-18 ਦੇ 567.55 ਕਰੋੜ ਰੁਪਏ ਅਜੇ ਤੱਕ ਰਿਲੀਜ਼ ਨਹੀਂ ਕੀਤੇ। ਪੰਜਾਬ ਦੀ 32 ਫੀਸਦੀ ਆਬਾਦੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹੈ ਤੇ 91 ਹਜ਼ਾਰ 432 ਵਿਦਿਆਰਥੀ ਸਕਾਲਰਸ਼ਿਪ ਨਾ ਮਿਲਣ ਕਾਰਨ ਪ੍ਰਭਾਵਿਤ ਹੋ ਰਹੇ ਹਨ। ਯੂਥ ਆਗੂਆਂ ਨੇ ਮੰਗ ਕੀਤੀ ਕਿ ਸਕਾਲਰਸ਼ਿਪ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ ਤਾਂ ਜੋ ਦਲਿਤ ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ ਨਾ ਜਾਵੇ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਜਲਦੀ ਰਿਲੀਜ਼ ਨਾ ਹੋਏ ਤਾਂ ਯੂਥ ਕਾਂਗਰਸ ਸੰਘਰਸ਼ ਨੂੰ ਹੋਰ ਤੇਜ਼ ਵਿੱਢਣ ਲਈ ਮਜਬੂਰ ਹੋ ਜਾਵੇਗੀ।  ਇਸ ਮੌਕੇ ਯੂਥ ਆਗੂ ਅਵਤਾਰ ਸਿੰਘ ਨੀਟਾ, ਲਕਸ਼ਮੀ ਕਾਂਤ ਸੋਨੂੰ, ਰਿੱਕੀ ਭੱਲਾ, ਮਨੀ ਪੰਡਿਤ, ਕੁਨਾਲ, ਕਸ਼ਿਸ਼, ਹਿਮਾਂਸ਼ੂ, ਰਵੀ, ਅਵੀ ਸਹੋਤਾ, ਸ਼ਾਮਾ, ਸੰਨੀ ਰੰਧਾਵਾ ਆਦਿ ਵੀ ਹਾਜ਼ਰ ਸਨ।


Related News