ਯੂਥ ਕਾਂਗਰਸੀਆਂ ਤੇ ਪੁਲਸ ''ਚ ਝੜਪ, ਪ੍ਰੋਗਰਾਮ ਦੌਰਾਨ ਕਰ ਰਹੇ ਸਨ ਪ੍ਰਦਰਸ਼ਨ

Sunday, Jun 11, 2017 - 11:56 PM (IST)

ਯੂਥ ਕਾਂਗਰਸੀਆਂ ਤੇ ਪੁਲਸ ''ਚ ਝੜਪ, ਪ੍ਰੋਗਰਾਮ ਦੌਰਾਨ ਕਰ ਰਹੇ ਸਨ ਪ੍ਰਦਰਸ਼ਨ

ਸੰਗਰੂਰ  (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)  - ਅੱਜ ਭਾਜਪਾ ਵੱਲੋਂ ਰੱਖੇ 'ਸਭ ਕਾ ਸਾਥ ਸਭ ਕਾ ਵਿਕਾਸ' ਪ੍ਰੋਗਰਾਮ ਦੇ ਬਾਹਰ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਵੱਡੀ ਗਿਣਤੀ ਰੋਹ 'ਚ ਆਏ ਯੂਥ ਕਾਂਗਰਸੀਆਂ ਨੇ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੀ ਭਿਣਕ ਲੱਗਦਿਆਂ ਹੀ ਵੱਡੀ ਗਿਣਤੀ ਥਾਣਾ ਸਦਰ ਸੁਨਾਮ ਅਤੇ ਸੰਗਰੂਰ ਸਿਟੀ ਥਾਣੇ ਦੇ ਇੰਚਾਰਜ ਵੱਡੀ ਗਿਣਤੀ 'ਚ ਪੁਲਸ ਫੋਰਸ ਨਾਲ ਪੁੱਜੇ, ਜਿਨ੍ਹਾਂ ਯੂਥ ਕਾਂਗਰਸੀਆਂ ਨੂੰ ਰੋਕਣਾ ਚਾਹਿਆ ਪਰ ਦੋਵਾਂ ਵਿਚਕਾਰ ਝੜਪ ਹੋ ਗਈ। ਰੋਸ ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸੀਆਂ ਨੇ ਕਾਲੇ ਚੋਲੇ ਪਾਏ ਹੋਏ ਸਨ ਅਤੇ ਹੱਥਾਂ ਵਿਚ ਨਕਲੀ ਨੋਟ ਫੜੇ ਹੋਏ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਪੂਨਮ ਕਾਂਗੜਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ 'ਅੱਛੇ ਦਿਨ' ਆਉਣ ਦੇ ਸਬਜ਼ਬਾਗ ਦਿਖਾ ਕੇ ਸੱਤਾ ਵਿਚ ਆਏ ਨਰਿੰਦਰ ਮੋਦੀ ਨੇ ਸਿਰਫ ਭਾਜਪਾਈਆਂ ਦੇ ਹੀ 'ਅੱਛੇ ਦਿਨ' ਲਿਆਂਦੇ ਹਨ ਜਦੋਂਕਿ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਜਨਤਾ ਬੁਰੇ ਦੌਰ ਵਿਚੋਂ ਲੰਘ ਰਹੀ ਹੈ। 3 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੋਦੀ ਸਰਕਾਰ ਨੇ ਆਪਣਾ ਕੋਈ ਵਾਅਦਾ ਨਹੀਂ ਨਿਭਾਇਆ, ਸਗੋਂ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਨੂੰ ਆਪਣਾ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਕੋਈ ਵਿਕਾਸ ਕੰਮ ਕਰਨ ਦੀ ਬਜਾਏ ਸਿਰਫ ਝੂਠੇ ਭਾਸ਼ਣ ਦੇਣ ਤੱਕ ਹੀ ਸੀਮਿਤ ਹਨ।
ਕੌਣ ਸਨ ਸ਼ਾਮਲ :  ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਪਿਆਰ ਸਿੰਘ ਕੋਟਦੁੰਨਾ, ਲਖਮੀਰ ਸਿੰਘ ਸੇਖੋਂ, ਹਰਪਿੰਦਰ ਕੌਰ ਸੱਗੂ, ਸੰਦੀਪ ਕੌਰ ਸਾਰੋਂ, ਕੁਸ਼ੱਲਿਆ ਦੇਵੀ, ਸ਼ਕਤੀਜੀਤ ਸਿੰਘ, ਪਰਮਜੀਤ ਪੰਮੀ, ਇੰਦਰਜੀਤ ਨੀਲੂ, ਹਰਵਿੰਦਰ ਕੌਰ ਛੰਨਾ, ਰੂਪ ਸਿੰਘ ਧਾਲੀਵਾਲ, ਨਿੱਕੀ ਦੇਵੀ, ਜ਼ੈਲਾ ਸਿੰਘ, ਦਰਸ਼ਨ ਸਿੰਘ ਕਾਂਗੜਾ, ਸੰਨੀ ਕਾਂਗੜਾ, ਮਨਦੀਪ ਕੌਰ, ਜਰਨੈਲ ਸਿੰਘ, ਮਨਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ।
ਸੁਖਦੇਵ ਢੀਂਡਸਾ ਦੀ ਗੱਡੀ ਘੇਰ ਕੇ 'ਤੇ ਸੁੱਟੇ ਨਕਲੀ ਨੋਟ
ਇਸ ਮੌਕੇ ਯੂਥ ਕਾਂਗਰਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਗੱਡੀ ਨੂੰ ਘੇਰ ਲਿਆ ਅਤੇ ਦੇਸ਼ ਦਾ ਕਾਲਾ ਧਨ ਵਾਪਸ ਲਿਆਉਣ ਦੇ ਨਾਅਰੇ ਲਾਉਂਦਿਆਂ ਢੀਂਡਸਾ ਦੀ ਗੱਡੀ 'ਤੇ ਨਕਲੀ ਨੋਟ ਸੁੱਟੇ। ਇਸ ਦੌਰਾਨ ਪੁਲਸ ਅਤੇ ਯੂਥ ਕਾਂਗਰਸੀਆਂ ਵਿਚ ਕਾਫੀ ਖਿੱਚ ਧੂਹ ਅਤੇ ਧੱਕਾ ਮੁੱਕੀ ਵੀ ਹੁੰਦੀ ਰਹੀ। ਮੌਕੇ 'ਤੇ ਮੌਜੂਦ ਪੁਲਸ ਨੇ ਕੜੀ ਮੁਸ਼ਕਤ ਮਗਰੋਂ ਢੀਂਡਸਾ ਦੀ ਗੱਡੀ ਉਥੋਂ ਕੱਢੀ।


Related News