ਪਿੰਡ ਧੌਲਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਖੂਨੀ ਝੜਪ, ਇਕ ਔਰਤ ਸਮੇਤ 5 ਲੋਕ ਜ਼ਖ਼ਮੀ

Thursday, Apr 30, 2026 - 02:26 PM (IST)

ਪਿੰਡ ਧੌਲਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਖੂਨੀ ਝੜਪ, ਇਕ ਔਰਤ ਸਮੇਤ 5 ਲੋਕ ਜ਼ਖ਼ਮੀ

ਬਰਨਾਲਾ (ਪੁਨੀਤ): ਬਰਨਾਲਾ ਦੇ ਨਜ਼ਦੀਕੀ ਪਿੰਡ ਧੌਲਾ ਵਿਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਇਕ ਔਰਤ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਇਸ ਖੂਨੀ ਟਕਰਾਅ ਦੌਰਾਨ ਦੋਵਾਂ ਧਿਰਾਂ ਵੱਲੋਂ ਤੇਜ਼ਧਾਰ ਹਥਿਆਰਾਂ, ਤਲਵਾਰਾਂ ਅਤੇ ਡੰਡਿਆਂ ਆਦਿ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਲੋਕ ਇਕ-ਦੂਜੇ ਨੂੰ ਬੇਰਹਿਮੀ ਨਾਲ ਕੁੱਟਦੇ ਦਿਖਾਈ ਦੇ ਰਹੇ ਹਨ।

ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਜਸਬੀਰ ਸਿੰਘ ਅਤੇ ਉਸ ਦੀ ਮਾਤਾ ਸ਼ਿੰਦਰ ਕੌਰ ਨੇ ਪਿੰਡ ਦੇ ਸਰਪੰਚ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ 1961-62 ਤੋਂ ਯਾਨੀ ਪਿਛਲੇ 70 ਸਾਲਾਂ ਤੋਂ ਇਸ ਜ਼ਮੀਨ 'ਤੇ ਖੇਤੀ ਕਰ ਰਿਹਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਪੰਚ ਪਿਛਲੇ ਇਕ ਸਾਲ ਤੋਂ ਉਨ੍ਹਾਂ ਨੂੰ ਜ਼ਮੀਨ ਛੱਡਣ ਲਈ ਧਮਕਾ ਰਿਹਾ ਸੀ ਅਤੇ ਅੱਜ ਉਸ ਨੇ ਆਪਣੇ ਬੰਦਿਆਂ ਰਾਹੀਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੀ ਅੱਧਾ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾਂ ਅਨੁਸਾਰ, ਸਰਪੰਚ ਨੂੰ ਕਾਨੂੰਨੀ ਤਰੀਕੇ ਨਾਲ ਵਾਰੰਟ ਕਬਜ਼ਾ ਲੈ ਕੇ ਕਾਰਵਾਈ ਕਰਨੀ ਚਾਹੀਦੀ ਸੀ, ਨਾ ਕਿ ਗੁੰਡਾਗਰਦੀ ਰਾਹੀਂ।

ਇਸ ਝੜਪ ਵਿਚ ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਹਨ। ਜਸਬੀਰ ਸਿੰਘ ਅਤੇ ਸ਼ਿੰਦਰ ਕੌਰ ਬਰਨਾਲਾ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਦਕਿ ਜਸਬੀਰ ਦੇ ਪਿਤਾ ਬਸੰਤ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਦੂਜੀ ਧਿਰ ਦੇ ਵੀ ਦੋ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਹ ਵੀ ਹਸਪਤਾਲ ਵਿਚ ਦਾਖ਼ਲ ਹਨ।

ਥਾਣਾ ਰੂੜੇਕੇ ਕਲਾਂ ਦੇ ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਚਾਇਤੀ ਜ਼ਮੀਨ ਦੇ ਝਗੜੇ ਨਾਲ ਜੁੜਿਆ ਹੋਇਆ ਹੈ ਅਤੇ ਪੁਲਸ ਉੱਚ ਅਧਿਕਾਰੀਆਂ ਤੋਂ ਦਸਤਾਵੇਜ਼ ਲੈ ਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
 


author

Anmol Tagra

Content Editor

Related News