ਨੌਜਵਾਨ ਦੀ ਜਨਮ ਦਿਨ ਮੌਕੇ ਮੌਤ, ਪਾਰਟੀ ਕਰਕੇ ਘਰ ਜਾ ਰਹੇ ਨੂੰ ਰਾਹ 'ਚ ਮੌਤ ਨੇ ਪਾ ਲਿਆ ਘੇਰਾ
Saturday, May 31, 2025 - 06:43 PM (IST)

ਖਰੜ (ਗਗਨਦੀਪ) : ਸਥਾਨਕ ਸ਼ਹਿਰ ਦੇ ਖਰੜ ਕੁਰਾਲੀ ਨੈਸ਼ਨਲ ਹਾਈਵੇਅ 'ਤੇ ਬੀਤੀ ਦੇਰ ਰਾਤ ਹੋਏ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਅਤੇ ਦੋ ਦੇ ਜ਼ਖਮੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਸਿਵਲ ਹਸਪਤਾਲ ਖਰੜ ਵਿਖੇ ਮ੍ਰਿਤਕ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਨਰੇਸ਼ ਕੁਮਾਰ (25) ਪੁੱਤਰ ਪ੍ਰਦੀਪ ਕੁਮਾਰ ਵਾਸੀ ਪਿੰਡ ਖਾਨਪੁਰ ਦਾ ਜਨਮ ਦਿਨ ਸੀ ਅਤੇ ਉਸ ਵੱਲੋਂ ਆਪਣੇ ਯਾਰਾਂ ਦੋਸਤਾਂ ਨਾਲ ਕੱਲ ਸ਼ਾਮ ਪਾਰਟੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਦੇਰ ਰਾਤ ਜਦੋਂ ਉਹ ਆਪਣੇ ਭਰਾ ਅਮਨ ਅਤੇ ਇਕ ਦੋਸਤ ਖਾਨ ਨਾਲ ਮੋਟਰਸਾਈਕਲ 'ਤੇ ਖਰੜ ਵੱਲ ਆ ਰਿਹਾ ਸੀ ਤਾਂ ਸ਼ਿਵਜੋਤ ਇਨਕਲੇਵ ਦੇ ਨੇੜੇ ਜਦੋਂ ਉਹ ਸੜਕ ਪਾਰ ਕਰਨ ਲੱਗਿਆ ਤਾਂ ਕੁਰਾਲੀ ਵੱਲ ਤੋਂ ਆਏ ਇਕ ਟਰੱਕ ਨੇ ਉਸ ਨੂੰ ਆਪਣੀ ਚਪੇਟ ਵਿਚ ਲੈ ਲਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਬਿਜਲੀ ਵਿਭਾਗ ਨੇ ਕੀਤਾ ਵੱਡਾ ਐਲਾਨ
ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਉਹ ਤੁਰੰਤ ਇਲਾਜ ਲਈ ਜ਼ਿਲ੍ਹਾ ਹਸਪਤਾਲ ਫੇਸ 6 ਮੋਹਾਲੀ ਲੈ ਗਏ ਜਿੱਥੇ ਡਾਕਟਰਾਂ ਨੇ ਨਰੇਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਸਦੇ ਭਰਾ ਅਮਨ ਅਤੇ ਦੋਸਤ ਖਾਨ ਨੂੰ ਜ਼ਖਮੀ ਹੋਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜੋਕਿ ਜੇਰੇ ਇਲਾਜ ਹਨ। ਪੁਲਸ ਵੱਲੋਂ ਮ੍ਰਿਤਕ ਦੇ ਦੋਸਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।