ਦੇਸੀ ਕੱਟਾ ਤੇ ਕਾਰਤੂਸ ਨਾਲ ਨੌਜਵਾਨ ਗ੍ਰਿਫ਼ਤਾਰ
Thursday, Apr 16, 2026 - 02:19 PM (IST)
ਚੰਡੀਗੜ੍ਹ (ਸੁਸ਼ੀਲ) : ਆਪ੍ਰੇਸ਼ਨਲ ਸੈੱਲ ਨੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਘੁੰਮ ਰਹੇ ਨੌਜਵਾਨ ਨੂੰ ਟਿੰਬਰ ਮਾਰਕੀਟ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਮਨੀਮਾਜਰਾ ਦੇ ਇੰਦਰਾ ਕਾਲੋਨੀ ਨਿਵਾਸੀ ਰਾਹੁਲ ਕੁਮਾਰ ਉਰਫ਼ ਰੈਲੀ ਦੇ ਰੂਪ ’ਚ ਹੋਈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਦੇਸੀ ਕੱਟਾ ਅਤੇ ਦੋ ਕਾਰਤੂਸ ਬਰਾਮਦ ਹੋਏ। ਆਪਰੇਸ਼ਨ ਸੈੱਲ ਨੇ ਦੇਸੀ ਕੱਟਾ ਜ਼ਬਤ ਕਰਕੇ ਮੁਲਜ਼ਮ ਰਾਹੁਲ ਖ਼ਿਲਾਫ਼ ਸੈਕਟਰ-26 ਥਾਣਾ ਪੁਲਸ ’ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਵਾਇਆ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਆਪਰੇਸ਼ਨ ਸੈੱਲ ’ਚ ਤਾਇਨਾਤ ਸਬ ਇੰਸਪੈਕਟਰ ਗੁਰਜੀਵਨ ਪੁਲਸ ਟੀਮ ਨਾਲ ਸੈਕਟਰ-26 ’ਚ ਗਸ਼ਤ ਕਰ ਰਹੇ ਸੀ।
ਟਿੰਬਰ ਮਾਰਕੀਟ ਕੋਲ ਸ਼ੱਕੀ ਨੌਜਵਾਨ ਆਉਂਦਾ ਦਿਖਾਈ ਦਿੱਤਾ। ਪੁਲਸ ਦੇਖ ਕੇ ਨੌਜਵਾਨ ਵਾਪਸ ਜਾਣ ਲੱਗਾ, ਪਰ ਪੁਲਸ ਮੁਲਾਜ਼ਮਾਂ ਨੇ ਪਿੱਛਾ ਕਰਕੇ ਉਸ ਨੂੰ ਫੜ੍ਹ ਲਿਆ। ਪੁਲਸ ਨੇ ਮੁਲਜ਼ਮ ਕੋਲੋਂ ਦੇਸੀ ਕੱਟੇ ਦਾ ਲਾਇਸੈਂਸ ਮੰਗਿਆ ਤਾਂ ਉਹ ਦਿਖਾ ਨਹੀਂ ਸਕਿਆ। ਆਪਰੇਸ਼ਨ ਸੈੱਲ ਮਾਮਲਾ ਦਰਜ ਕਰਕੇ ਪੁੱਛਗਿੱਛ ਕਰ ਰਹੀ ਹੈ ਕਿ ਦੇਸੀ ਕੱਟਾ ਕਿੱਥੇ ਤੋਂ ਲੈ ਕੇ ਆਇਆ ਸੀ ਤੇ ਕਿਸ ਜਗ੍ਹਾ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਰਾਹੁਲ ’ਤੇ ਪਹਿਲਾਂ ਵੀ ਦੋ ਅਪਰਾਧਿਕ ਮਾਮਲੇ ਦਰਜ ਹਨ।
