ਕੋਠੀ ਤੋਂ ਮੋਬਾਇਲ ਫੋਨ ਚੋਰੀ ਕਰਨ ਵਾਲਾ ਨੌਜਵਾਨ ਕਾਬੂ
Sunday, Oct 13, 2024 - 12:25 PM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-28 ਕੋਠੀ ’ਚੋਂ ਮੋਬਾਇਲ ਫੋਨ ਚੋਰੀ ਕਰਨ ਵਾਲੇ ਨੌਜਵਾਨ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਸੈਕਟਰ-10 ਨਿਵਾਸੀ ਧਰੁਵ ਨੇਗੀ ਉਰਫ਼ ਗੁੱਲੂ ਵਜੋਂ ਹੋਈ। ਉਸ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 16 ਮੋਬਾਇਲ ਫੋਨ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ 4 ਲੱਖ ਰੁਪਏ ਦੱਸੀ ਗਈ ਹੈ। ਮੁਲਜ਼ਮ ਚੋਰੀ ਦੇ ਫੋਨ ਦੇ ਸਪੇਅਰ ਪਾਰਟ ਦੁਕਾਨਦਾਰਾਂ ਨੂੰ ਵੇਚਦਾ ਸੀ। ਪੁੱਛਗਿੱਛ ’ਚ ਪਤਾ ਲੱਗਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਤੇ ਮੋਬਾਇਲ ਫੋਨ ਵੇਚ ਕੇ ਹੈਰੋਇਨ ਖਰੀਦਦਾ ਹੈ।
ਜ਼ਿਲ੍ਹਾ ਕ੍ਰਾਈਮ ਸੈੱਲ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਜ਼ਿਲ੍ਹਾ ਕ੍ਰਾਈਮ ਸੈੱਲ ਇੰਚਾਰਜ ਜਸਮਿੰਦਰ ਸਿੰਘ ਨੇ ਸੈਕਟਰ-28 ਨਿਵਾਸੀ ਅਨਿਲ ਦੀ ਸ਼ਿਕਾਇਤ ਤੋਂ ਬਾਅਦ ਸਪੈਸ਼ਲ ਟੀਮ ਬਣਾਈ ਸੀ। ਪੁਲਸ ਟੀਮ ਨੇ ਘਟਨਾ ਸਥਾਨ ਦੀ ਜਾਂਚ ਕਰ ਕੇ ਸੀ. ਸੀ. ਟੀ. ਵੀ. ਫੁਟੇਜ ਜ਼ਬਤ ਕੀਤੀ ਸੀ। ਫੁਟੇਜ ’ਚ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੁੰਦੇ ਕੈਦ ਹੋ ਗਿਆ। ਪੁਲਸ ਟੀਮ ਨੇ ਜਾਂਚ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਕੇ ਚੋਰੀ ਦੇ 16 ਮੋਬਾਈਲ ਫੋਨ ਬਰਾਮਦ ਕੀਤੇ। ਮੁਲਜ਼ਮ 'ਤੇ ਪਹਿਲਾਂ ਵੀ ਸੱਤ ਅਪਰਾਧਿਕ ਮਾਮਲੇ ਦਰਜ ਹੋ ਰੱਖੇ ਹਨ।