ਡਿਊਟੀ ਤੋਂ ਘਰ ਜਾ ਰਹੇ ਨੌਜਵਾਨ ਦੀ ਹਾਦਸੇ 'ਚ ਮੌਤ, ਲੱਭਦਾ ਰਿਹਾ ਪਰਿਵਾਰ
Tuesday, Sep 15, 2020 - 05:25 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਬੀਤੀ ਰਾਤ ਪੰਜਾਬ-ਹਿਮਾਚਲ ਬਾਰਡਰ 'ਤੇ ਪਿੰਡ ਚੀਕਣਾ ਨਜ਼ਦੀਕ ਸੜਕ ਕਿਨਾਰੇ ਇਕ ਦਰੱਖਤ ਨਾਲ ਮੋਟਰਸਾਈਕਲ ਟਕਰਾਉਣ ਕਾਰਣ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ (28) ਪੁੱਤਰ ਚੌਧਰੀ ਰਾਮ ਵਾਸੀ ਪਿੰਡ ਬੈਹਲ ਤਹਿਸੀਲ ਨੈਣਾ ਦੇਵੀ ਜ਼ਿਲ੍ਹਾ ਬਿਲਾਸਪੁਰ (ਹਿ.ਪ੍ਰ) ਦੇ ਭਰਾ ਲਖਵਿੰਦਰ ਸਿੰਘ ਨੇ ਪੁਲਸ ਨੂੰ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਨੂੰ ਅੱਜ ਸਵੇਰੇ ਸੁਖਵਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਫੋਨ ਕਰਕੇ ਦੱਸਿਆ ਕਿ ਦੇਰ ਰਾਤ ਉਸ ਨੂੰ ਸੁਖਵਿੰਦਰ ਸਿੰਘ ਦਾ ਫੋਨ ਆਇਆ ਸੀ ਕਿ ਉਹ ਅਲਟ੍ਰਾ ਟੈਕ ਸੀਮੈਂਟ ਪਲਾਟ ਬਘੇਰੀ ਵਿਖੇ ਆਪਣਾ ਟਰੱਕ ਖੜ੍ਹਾ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਨੂੰ ਆ ਰਿਹਾ ਹੈ ਪਰ ਉਹ ਹੁਣ ਤੱਕ ਘਰ ਨਹੀਂ ਪੁੱਜੇ।
ਉਪਰੰਤ ਮੈਂ ਆਪਣੇ ਚਾਚੇ ਦੇ ਲੜਕੇ ਨਾਲ ਆਪਣੇ ਭਰਾ ਦੀ ਤਲਾਸ਼ ਕਰਨ ਲਈ ਨਿਕਲ ਪਿਆ। ਜਦੋਂ ਉਹ ਆਪਣੇ ਪਿੰਡ ਬੈਹਲ ਤੋਂ ਪਿੰਡ ਚੀਕਣਾ ਵੱਲ ਜਾ ਰਹੇ ਸਨ ਤਾਂ ਚੀਕਣਾ ਮੋੜ ਨਜ਼ਦੀਕ ਸੜਕ ਦੀ ਸਾਈਡ 'ਤੇ ਦਰੱਖਤ ਨਾਲ ਟਕਰਾਉਣ ਕਾਰਣ ਉਸਦਾ ਭਰਾ ਅਤੇ ਮੋਟਰਸਾਈਕਲ ਡਿੱਗਿਆ ਪਿਆ ਸੀ। ਜਦੋਂ ਅਸੀਂ ਆਪਣੇ ਭਰਾ ਨੂੰ ਦੇਖਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਡਾਕਟਰ ਨੇ ਵੀ ਉਸ ਨੂੰ ਮ੍ਰਿਤਕ ਦੱਸਿਆ। ਪੁਲਸ ਨੇ ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਖਵਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।