ਨੂਰਪੁਰ ਬੇਟ ਵਿਖੇ ਇਕ ਘਰ ਦੀ ਛੱਤ ’ਤੇ ਨੌਜਵਾਨ ਨੇ ਲਿਆ ਫਾਹਾ

Tuesday, Mar 08, 2022 - 05:35 PM (IST)

ਨੂਰਪੁਰ ਬੇਟ ਵਿਖੇ ਇਕ ਘਰ ਦੀ ਛੱਤ ’ਤੇ ਨੌਜਵਾਨ ਨੇ ਲਿਆ ਫਾਹਾ

ਹੰਬੜਾਂ (ਸਤਨਾਮ ਹੰਬੜਾਂ) : ਸਥਾਨਕ ਕਸਬੇ ਦੇ ਨਾਲ ਪਿੰਡ ਨੂਰਪੁਰ ਬੇਟ ਵਿਖੇ ਇਕ ਘਰ ਦੇ ਚੁਬਾਰੇ ਵਿਚ ਇਕ ਨੌਜਵਾਨ ਵਲੋਂ ਫਾਹਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਥਲ ਦੇ ਘਰ ਦੀ ਮੁਖੀ ਗੁਰਮੇਲ ਕੌਰ ਪਤਨੀ ਲੇਖ ਰਾਮ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਆਉਣ ਮਗਰੋਂ ਘਰ ਦੀ ਛੱਤ ਉੱਪਰ ਸਵੇਰ 8 ਵਜੇ ਧੋਤੇ ਹੋਏ ਕੱਪੜੇ ਸੁਕਣੇ ਪਾਉਣ ਲਈ ਗਈ ਤਾਂ ਦੇਖਿਆ ਕਿ ਉਨ੍ਹਾਂ ਦੇ ਚੁਬਾਰੇ ਵਿਚ ਛੱਤ ਨਾਲ ਇਕ ਨੌਜਵਾਨ ਦੀ ਲਾਸ਼ ਲਟਕ ਰਹੀ ਸੀ, ਜਿਸ ਨੂੰ ਦੇਖ ਉਹ ਬਹੁਤ ਘਬਰਾ ਗਈ ਕਿ ਸ਼ਾਇਦ ਉਨ੍ਹਾਂ ਦੇ ਘਰ ਦਾ ਮੈਂਬਰ ਹੈ। ਉਸਨੇ ਘਬਰਾ ਕੇ ਹੇਠਾਂ ਆਵਾਜ਼ ਮਾਰੀ ਤਾਂ ਬਾਕੀ ਪਰਿਵਾਰਿਕ ਮੈਂਬਰ ਵੀ ਆ ਗਏ।

ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੂੰ ਸੂਚਨਾ ਦਿੱਤੀ ਤੇ ਸਰਪੰਚ ਨੇ ਥਾਣਾ ਲਾਡੂਵਾਲ ਵਿਖੇ ਮੋਬਾਈਲ ਰਾਹੀਂ ਇਤਲਾਹ ਦਿੱਤੀ ਜਿਸ ’ਤੇ ਅਮਲ ਕਰਦਿਆਂ ਥਾਣਾ ਲਾਡੂਵਾਲ ਤੋਂ ਐੱਸ. ਐੱਚ. ਓ ਗੁਰਸ਼ਿੰਦਰ ਕੌਰ ਤੇ ਉਨ੍ਹਾਂ ਦੀ ਪੁਲਸ ਟੀਮ ਨੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕਰਨੀ ਸ਼ੁਰੂ ਕੀਤੀ। ਮ੍ਰਿਤਕ ਦੀ ਜੇਬ ਵਿਚੋਂ ਮੋਬਾਈਲ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਮੋਬਾਈਲ ਚਲਾਉਣ ਮਗਰੋਂ ਕਿਸੇ ਦੀ ਕਾਲ ਆਉਣ ’ਤੇ ਉਸ ਦੀ ਪਹਿਚਾਣ ਕੇਵਲ ਸਿੰਘ ਪੁੱਤਰ ਜੀਤ ਸਿੰਘ ਵਜੋਂ ਹੋਈ ਤੇ ਉਨ੍ਹਾਂ ਦੇ ਵਾਰਸਾਂ ਨੂੰ ਸੂਚਿਤ ਕੀਤਾ। ਇਸ ਮੌਕੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਇਸ ਮੌਕੇ ਏ. ਐੱਸ. ਆਈ. ਗੁਰਬਾਜ ਸਿੰਘ, ਏ. ਐੱਸ. ਆਈ ਪਰਸ਼ੋਤਮ ਲਾਲ, ਮੁਨਸ਼ੀ ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ ਬਿੱਟੂ, ਅਮਰੀਕ ਸਿੰਘ, ਸਤਨਾਮ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ।


author

Gurminder Singh

Content Editor

Related News