ਮਾਂ ਨਾਲ ਨਾਨਕੇ ਆਏ ਨੌਜਵਾਨ ਦੀ ਛੱਤ ਹੇਠਾਂ ਦੱਬਣ ਕਾਰਣ ਮੌਤ

Saturday, May 08, 2021 - 05:56 PM (IST)

ਮਾਂ ਨਾਲ ਨਾਨਕੇ ਆਏ ਨੌਜਵਾਨ ਦੀ ਛੱਤ ਹੇਠਾਂ ਦੱਬਣ ਕਾਰਣ ਮੌਤ

ਖਰੜ (ਰਣਬੀਰ) : ਇਥੋਂ ਦੇ ਨੇੜਲੇ ਪਿੰਡ ਮਾਮੂਪੁਰ ਵਿਖੇ ਸ਼ਨੀਵਾਰ ਦੁਪਹਿਰ ਬਾਅਦ ਇਕ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਛੱਤ ਹੇਠ ਸੁੱਤੇ ਪਏ ਨੌਜਵਾਨ ਦੀ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਵਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕੱਲਕੱਤਾ ਆਪਣੇ ਨਾਨਕੇ ਮਾਮੇ ਰਛਪਾਲ ਸਿੰਘ ਦੇ ਘਰ ਆਪਣੀ ਮਾਂ ਨਾਲ ਆਇਆ ਹੋਇਆ ਸੀ। ਦੁਪਹਿਰ ਬਾਅਦ ਜਦੋਂ ਉਹ ਘਰ ਦੇ ਇਕ ਕਮਰੇ ਵਿਚ ਸੁੱਤਾ ਪਿਆ ਸੀ ਤਾਂ ਅਚਾਨਕ ਹੀ ਕਮਰੇ ਦੀ ਕੱਚੀ ਛੱਤ ਆਪਣੇ ਆਪ ਹੀ ਡਿੱਗ ਪਈ ਜਦੋਂ ਕਿ ਪਰਿਵਾਰ ਦੇ ਬਾਕੀ ਮੈਂਬਰ ਬਾਹਰ ਬੈਠੇ ਸਨ।

ਇਸ ਮੌਕੇ ਛੱਤ ਡਿੱਗਣ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਛੱਤ ਹੇਠੋਂ ਕੱਢਿਆ ਅਤੇ ਸਿਵਲ ਹਸਪਤਾਲ ਖਰੜ ਵਿਖੇ ਪਹੁੰਚਾਇਆ ਜਿੱਥੇ ਡਿਊਟੀ ਡਾਕਟਰ ਸੁਖਜੀਤ ਸਿੰਘ ਬਾਵਾ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ ਜਿਸ ਦਾ ਕੱਲ ਕਾਰਵਾਈ ਮੁਕੰਮਲ ਕਰ ਪੋਸਟਮਾਰਟਮ ਕਰਵਾਇਆ ਜਾਵੇਗਾ।


author

Gurminder Singh

Content Editor

Related News