ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
Monday, Jul 05, 2021 - 06:19 PM (IST)
ਮਖ਼ੂ (ਵਾਹੀ ): ਪਿੰਡ ਬਸਤੀ ਸ਼ਾਮੇਵਾਲੀ ਵਿਖੇ ਦੋ ਧਿਰਾਂ ਦਰਮਿਆਨ ਰੰਜ਼ਿਸ਼ ਦੇ ਚੱਲਦਿਆਂ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਫ਼ੱਟੜ ਹੈ। ਇਸ ਦੌਰਾਨ ਹਮਲਾਵਰ ਧਿਰ ਦੇ ਇਕ ਨੌਜਵਾਨ ਨੂੰ ਵੀ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਦੀ ਸੱਟ ਲੱਗਣ ਦੀਆਂ ਕਨਸੋਆ ਮਿਲੀਆ ਹਨ। ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਦੀ ਧਿਰ ਨੇ ਹਮਲਾਵਰ ਧਿਰ ਦੇ ਘਰ ਨੇੜੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਜਿਸ ਦੀ ਪੈਮਾਇਸ਼ ਬਾਬਤ ਜ਼ਮੀਨ ਮਾਲਕਾਂ ਨਾਲ ਵਿਰੋਧ ਦੇ ਚੱਲਦਿਆਂ ਗੁਰਜੀਤ ਸਿੰਘ ਧਿਰ ਨੂੰ ਹਮਲਾਵਰ ਰੋਕ ਟੋਕ ਕਰਦੇ ਸਨ। ਜਦੋਂ ਗੁਰਜੀਤ ਪਾਣੀ ਲਈ ਮੋਟਰ ਚਲਾਉਣ ਗਿਆ ਤਾਂ ਜਸਵੰਤ ਸਿੰਘ ਸ਼ਾਮੇਵਾਲਾ ਤੇ ਉਸ ਦੇ ਸਾਥੀਆਂ ਨਾਲ ਬੋਲ ਬੁਲਾਰਾ ਹੋ ਗਿਆ। ਗੁਰਜੀਤ ਸਿੰਘ ਜਦੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਆਪਣੇ ਘਰ ਵਾਪਸ ਆ ਗਿਆ ਤਾਂ ਹਮਲਾਵਰ ਕੁਲਦੀਪ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਹੋਰ ਵਿਅਕਤੀਆਂ ਨੇ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਉਹ ਉਸ ਦੇ ਘਰ ਕੋਲ ਪਹੁੰਚ ਕੇ ਗਾਲੀ ਗਲੋਚ ਕਰਨ ਲੱਗੇ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਅਚਾਨਕ ਹਾਦਸੇ ਦੀ ਸ਼ਿਕਾਰ ਹੋਈ ਪੁਲਸ ਥਾਣੇ ਦੀ ਗੱਡੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼
ਇਸ ਦੌਰਾਨ ਰੌਲਾ ਸੁਣ ਕੇ ਜਿਉਂ ਹੀ ਗੁਰਜੀਤ ਸਿੰਘ ਬਾਹਰ ਵੇਖਣ ਨਿਕਲਿਆ ਤਾਂ ਵਿਰੋਧੀ ਧੜੇ ਨੇ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਸ ਦੌਰਾਨ ਗੁਰਜੀਤ ਸਿੰਘ ਦਾ ਚਾਚਾ ਜਗਜੀਤ ਸਿੰਘ ਵੀ ਗੋਲ਼ੀਆਂ ਦੇ ਸ਼ਰ੍ਹੇ ਵੱਜਣ ਨਾਲ ਫ਼ੱਟੜ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਮੋਗਾ ਮੈਡੀਸਿਟੀ ਹਸਪਤਾਲ ਵਿਖੇ ਲੈ ਜਾਇਆ ਗਿਆ। ਜਿੱਥੋਂ ਗੁਰਜੀਤ ਸਿੰਘ ਦੀ ਅਤੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਡੀਐੱਮਸੀ ਲੁਧਿਆਣਾ ਜਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲੈ ਜਾਣ ਦੀ ਸਲਾਹ ਦਿੱਤੀ। ਖ਼ਬਰ ਲਿਖੇ ਜਾਣ ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਜਦਕਿ ਫ਼ੱਟੜ ਜਗਜੀਤ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਸੀ। ਥਾਣਾ ਮਖ਼ੂ ਦੀ ਪੁਲਸ ਵੱਲੋਂ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?