ਮੇਲੇ ’ਚ ਹੋਈ ਮਾਮੂਲੀ ਤਕਰਾਰ, ਬਾਅਦ ਵਿਚ ਨੌਜਵਾਨ ’ਤੇ ਮਾਰ ਦਿੱਤੀਆਂ ਗੋਲ਼ੀਆਂ
Monday, Sep 12, 2022 - 06:17 PM (IST)
ਤਰਨਤਾਰਨ (ਜ.ਬ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਮੇਲੇ ਵਿਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਜਾਨੋਂ ਮਾਰਨ ਦੀ ਇਰਾਦੇ ਨਾਲ ਗੋਲੀਆਂ ਮਾਰ ਕੇ ਇਕ ਨੌਜਵਾਨ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ ਦੋ ਮੁਲਜ਼ਮਾਂ ਦੇ ਖ਼ਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਗੁਰਪ੍ਰੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਕੋਟ ਦਾਤਾ ਨੇ ਦੱਸਿਆ ਕਿ ਬੀਤੀ 11 ਸਤੰਬਰ ਨੂੰ ਉਹ ਆਪਣੇ ਜੀਜੇ ਗੋਬਿੰਦ ਸਿੰਘ ਨਾਲ ਗੋਇੰਦਵਾਲ ਸਾਹਿਬ ਵਿਖੇ ਮੇਲਾ ਵੇਖਣ ਤੋਂ ਬਾਅਦ ਰਾਤ 12.30 ਵਜੇ ਘਰ ਨੂੰ ਵਾਪਸ ਆ ਰਹੇ ਸੀ ਤਾਂ ਰਸਤੇ ਵਿਚ ਗੁਰਜੰਟ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਮੋਹਪ੍ਰੀਤ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀਆਨ ਠੱਠੀਆਂ ਮਹੰਤਾਂ ਦਾਤਰ ਅਤੇ ਪਿਸਟਲ ਨਾਲ ਲੈਸ ਹੋ ਕੇ ਰਸਤੇ ਵਿਚ ਖੜ੍ਹੇ ਸੀ।
ਉਨ੍ਹਾਂ ਨੂੰ ਵੇਖ ਕੇ ਗੁਰਜੰਟ ਸਿੰਘ ਨੇ ਲਲਕਾਰਾ ਮਾਰਿਆ ਅਤੇ ਜਾਨੋਂ ਮਾਰਨ ਦੀ ਨੀਯਤ ਨਾਲ ਉਨ੍ਹਾਂ ’ਤੇ ਫਾਇਰ ਕੀਤੇ, ਜਿਸ ਨਾਲ ਉਸ ਦਾ ਜੀਜਾ ਗੋਬਿੰਦ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਜ਼ਮੀਨ ’ਤੇ ਡਿੱਗ ਪਿਆ। ਜਦ ਕਿ ਉਕਤ ਵਿਅਕਤੀ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਵਜ੍ਹਾ ਇਹ ਕਿ ਮੇਲੇ ਵਿਚ ਉਨ੍ਹਾਂ ਦੀ ਉਕਤ ਵਿਅਕਤੀਆਂ ਨਾਲ ਕਿਸੇ ਗੱਲ ਨੂੰ ਲੈ ਕੇ ‘‘ਤੂੰ-ਤੂੰ, ਮੈਂ-ਮੈਂ’’ ਹੋਈ ਸੀ। ਇਸ ਸਬੰਧੀ ਏ.ਐੱਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਗੁਰਜੰਟ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਮੋਹਪ੍ਰੀਤ ਸਿੰਘ ਉਰਫ ਮੋਹ ਪੁੱਤਰ ਕੰਵਲਜੀਤ ਸਿੰਘ ਵਾਸੀਆਨ ਠੱਠੀਆਂ ਮਹੰਤਾਂ ਖਿਲਾਫ ਮੁਕੱਦਮਾ ਨੰਬਰ 144 ਧਾਰਾ 307/506/34 ਆਈ.ਪੀ.ਸੀ., 25, 27, 54, 59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।