ਚਿੱਟੇ ਦੇ ਦੈਂਤ ਨੇ ਇਕ ਹੋਰ ਨੌਜਵਾਨ ਨੂੰ ਨਿਗਲਿਆ, 2 ਨਾਮਜ਼ਦ

Friday, Sep 02, 2022 - 05:40 PM (IST)

ਚਿੱਟੇ ਦੇ ਦੈਂਤ ਨੇ ਇਕ ਹੋਰ ਨੌਜਵਾਨ ਨੂੰ ਨਿਗਲਿਆ, 2 ਨਾਮਜ਼ਦ

ਮੋਗਾ (ਆਜ਼ਾਦ) : ਰੋਜ਼ਾਨਾ ਹੀ ਕਿਤੇ ਨਾ ਕਿਤੇ ਚਿੱਟੇ ਦੇ ਦੈਂਤ ਵੱਲੋਂ ਨੌਜਵਾਨਾਂ ਨੂੰ ਨਿਗਲਿਆ ਜਾ ਰਿਹਾ ਹੈ, ਜਿਸ ਕਾਰਣ ਜਿੱਥੇ ਮਾਪੇ ਪ੍ਰੇਸ਼ਾਨ ਹਨ, ਉਥੇ ਹੀ ਆਮ ਲੋਕ ਵੀ ਇਸ ਚਿੱਟੇ ਕਾਰਣ ਪ੍ਰੇਸ਼ਾਨ ਹਨ ਕਿ ਕਿੱਧਰੇ ਚਿੱਟੇ ਦਾ ਦੈਂਤ ਉਨ੍ਹਾਂ ਦੇ ਘਰ ਵਿਚ ਨਾ ਆ ਵੜੇ। ਬੀਤੇ ਦਿਨੀਂ ਪਿੰਡ ਚੱਕ ਕਲਾਂ ਲੁਧਿਆਣਾ ਨਿਵਾਸੀ ਪਵਨਦੀਪ ਵਰਮਾ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਬੱਧਨੀ ਕਲਾਂ ਪੁਲਸ ਵੱਲੋਂ ਪਹਿਲਾਂ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ 3 ਅਗਸਤ ਨੂੰ ਅ/ਧ 174 ਦੀ ਕਾਰਵਾਈ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕੀਤੇ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਿੰਡ ਚੱਕ ਕਲਾਂ ਨਿਵਾਸੀ ਸੁਮਿੱਤਰਾ ਦੇਵੀ ਨੇ ਕਿਹਾ ਕਿ ਉਸਦਾ ਬੇਟਾ ਪਵਨਦੀਪ ਵਰਮਾ (27) ਜੋ ਕਰੀਬ ਇਕ ਮਹੀਨਾ ਪਹਿਲਾਂ ਮੋਗਾ ਵਿਖੇ ਲੇਬਰ ਦਾ ਕੰਮ ਕਰਨ ਲਈ ਆਇਆ ਸੀ ਅਤੇ ਉਥੇ ਉਸਦੀ ਜਾਣ-ਪਛਾਣ ਰਾਜੂ ਅਤੇ ਕਿਰਨ ਦੋਵੇਂ ਨਿਵਾਸੀ ਪਿੰਡ ਦੋਧਰ ਗਰਬੀ ਨਾਲ ਹੋਈ, ਜੋ ਕਥਿਤ ਤੌਰ ’ਤੇ ਨਸ਼ੇ ਕਰਨ ਦੇ ਆਦੀ ਸਨ। 

ਉਨ੍ਹਾਂ ਮੈਂਨੂੰ ਜਾਣਕਾਰੀ ਦਿੱਤੀ ਕਿ ਪਵਨਦੀਪ ਵਰਮਾ ਉਨ੍ਹਾਂ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਚੱਕਰ ਆਉਣ ਕਾਰਣ ਉਹ ਮੋਟਰਸਾਈਕਲ ਤੋਂ ਡਿੱਗ ਪਿਆ, ਜਿਸ ਕਾਰਣ ਉਸਦੀ ਮੌਤ ਹੋ ਗਈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਦੋਸ਼ੀਆਂ ਨੇ ਉਸਦੇ ਲੜਕੇ ਨੂੰ ਵੀ ਨਸ਼ੇ ਦੀ ਦਲਦਲ ਵਿਚ ਧਕੇਲ ਦਿੱਤਾ ਸੀ ਅਤੇ ਮੇਰੇ ਬੇਟੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਣ ਹੋਈ ਹੈ, ਜਿਸ ਕਾਰਣ ਕਥਿਤ ਦੋਸ਼ੀ ਜ਼ਿੰਮੇਵਾਰ ਹਨ, ਜੋ ਇਨ੍ਹਾਂ ਮੇਰੇ ਲੜਕੇ ਨੂੰ ਓਵਰਡੋਜ਼ ਦਿੱਤੀ। ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਦੇ ਬਾਅਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News