ਸ਼ੱਕੀ ਹਾਲਾਤ ''ਚ ਸ਼ਮਸ਼ਾਨਘਾਟ ਨੇੜੇ ਮਿਲੀ ਨੌਜਵਨ ਦੀ ਲਾਸ਼, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼

Wednesday, Mar 27, 2024 - 01:57 PM (IST)

ਸ਼ੱਕੀ ਹਾਲਾਤ ''ਚ ਸ਼ਮਸ਼ਾਨਘਾਟ ਨੇੜੇ ਮਿਲੀ ਨੌਜਵਨ ਦੀ ਲਾਸ਼, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼

ਭਵਾਨੀਗੜ੍ਹ (ਵਿਕਾਸ ਮਿੱਤਲ) : ਸ਼ਹਿਰ ਦੇ ਪੁਰਾਣੇ ਬੱਸ ਸਟੈਂਡ 'ਤੇ ਬੀੜੀ-ਸਿਗਰਟਾਂ ਦੀ ਦੁਕਾਨ ਕਰਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਬੁੱਧਵਾਰ ਨੂੰ ਉਸਦੇ ਪਰਿਵਾਰ ਨੂੰ ਇੱਥੇ ਨਾਭਾ ਕੈਂਚੀਆਂ ਦੇ ਸ਼ਮਸ਼ਾਨਘਾਟ ਨੇੜੇ ਬੈਂਚ 'ਤੇ ਪਿਆ ਮਿਲਿਆ। ਮਾਮਲੇ ਸਬੰਧੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਮਹਿਲਾ ਸਮੇਤ ਦੋ ਜਣਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਕਾਲਾ ਰਾਮ ਪੁੱਤਰ ਜਗਦੀਸ਼ ਚੰਦ ਵਾਸੀ ਅਜੀਤ ਨਗਰ ਭਵਾਨੀਗੜ੍ਹ ਨੇ ਪੁਲਸ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਉਸ ਦੇ ਲੜਕੇ ਕੈਲਾਸ਼ ਕੁਮਾਰ ਨੂੰ ਜੀਤੀ ਵਾਸੀ ਭਵਾਨੀਗੜ੍ਹ ਦਾ ਫ਼ੋਨ ਆਇਆ ਸੀ ਜਿਸ ਤੋਂ ਬਾਅਦ ਕੈਲਾਸ਼ ਆਪਣੇ ਬੀੜੀ-ਸਿਗਰਟਾਂ ਦੇ ਖੋਖੇ 'ਤੇ ਚਲਾ ਗਿਆ। ਬਾਅਦ ਵਿਚ ਉਹ ਫ਼ੋਨ ਕਰਦਾ ਰਿਹਾ ਪਰ ਕੈਲਾਸ਼ ਨੇ ਫ਼ੋਨ ਨਹੀਂ ਚੁੱਕਿਆ। ਪਿਤਾ ਕਾਲਾ ਰਾਮ ਨੇ ਦੱਸਿਆ ਕਿ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਜੀਤੀ ਤੇ ਉਸ ਦੇ ਨਾਲ ਰਹਿੰਦੀ ਬਬਲੀ ਨਾਂ ਦੀ ਔਰਤ ਉਸਦੇ ਲੜਕੇ ਕੈਲਾਸ਼ ਨੂੰ ਨਾਭਾ ਵੱਲ ਲੈ ਕੇ ਗਏ ਹਨ ਜਿਸ ਉਪਰੰਤ ਉਹ ਆਪਣੀ ਪਤਨੀ ਨੀਲਮ ਨੂੰ ਨਾਲ ਲੈ ਕੇ ਜੀਤੀ ਦੇ ਘਰ ਪਹੁੰਚੇ ਤਾਂ ਉਸਦੀ ਮਾਂ ਨੇ ਜੀਤੀ ਦੇ ਨਾਲ ਉਨ੍ਹਾਂ ਦੀ ਗੱਲ ਕਰਵਾਈ ਤਾਂ ਜੀਤੀ ਨੇ ਫੋਨ 'ਤੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕੈਲਾਸ਼ ਕੁਮਾਰ ਉਸਦੇ ਨਾਲ ਹੈ ਤੇ ਉਹ ਨਾਭਾ ਕੈਂਚੀਆਂ ਤੋਂ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ 'ਤੇ ਮੌਜੂਦ ਹਨ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਜੀਤੀ ਵੱਲੋਂ ਦੱਸੀ ਥਾਂ 'ਤੇ ਪਹੁੰਚੇ ਤਾਂ ਕੈਲਾਸ਼ ਕੁਮਾਰ ਬੈਂਚ 'ਤੇ ਪਿਆ ਸੀ ਤੇ ਬੋਲਣ ਤੋਂ ਅਸਮਰੱਥ ਸੀ ਫਿਰ ਵੀ ਲੋਕਾਂ ਦੀ ਮਦਦ ਨਾਲ ਉਹ ਆਪਣੇ ਲੜਕੇ ਕੈਲਾਸ਼ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਲੈ ਕੇ ਆਏ ਜਿੱਥੇ ਚੈੱਕਅਪ ਮਗਰੋਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਸ਼ਿਕਾਇਤ 'ਚ ਕਾਲਾ ਰਾਮ ਨੇ ਦੋਸ਼ ਲਗਾਇਆ ਕਿ ਉਕਤ ਜੀਤੀ ਤੇ ਬਬਲੀ ਨੇ ਮਿਲ ਕੇ ਉਸਦੇ ਲੜਕੇ ਨੂੰ ਕੋਈ ਗਲਤ ਦਵਾਈ ਦੇ ਦਿੱਤੀ ਜਿਸ ਕਾਰਨ ਕੈਲਾਸ਼ ਦੀ ਮੌਤ ਹੋ ਗਈ। ਮਾਮਲੇ ਸਬੰਧੀ ਥਾਣਾ ਭਵਾਨੀਗੜ੍ਹ ਦੇ ਇੰਚਾਰਜ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਜੀਤੀ ਤੇ ਬਬਲੀ ਦੋਵੇਂ ਵਾਸੀ ਭਵਾਨੀਗੜ੍ਹ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।


author

Gurminder Singh

Content Editor

Related News