ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਦੁਖੀ ਹੋ ਕੇ ਨੌਜਵਾਨ ਪੀੜ੍ਹੀ ਨੇ ਕੀਤਾ ਵਿਦੇਸ਼ਾਂ ਵੱਲ ਰੁਖ

12/09/2019 4:12:56 PM

ਕਪੂਰਥਲਾ (ਮਹਾਜਨ)— ਪੰਜਾਬ ਦੇ ਦੁਆਬਾ ਖੇਤਰ ਦਾ ਜ਼ਿਲਾ ਕਪੂਰਥਲਾ ਜੋ ਰਾਜਿਆਂ-ਮਹਾਰਾਜਿਆਂ ਅਤੇ ਅਨਮੋਲ ਵਿਰਾਸਤ ਨਾਲ ਭਰਿਆ ਅਤੇ ਖੁਸ਼ਹਾਲ ਸੀ। ਅੱਜ ਉਸੇ ਜ਼ਿਲੇ ਨੂੰ ਮੰਨੋ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੋਵੇ ਕਿਉਂਕਿ ਇਥੋਂ ਦੇ ਲੋਕਾਂ 'ਚ ਵਿਦੇਸ਼ਾਂ 'ਚ ਜਾਣ ਦੀ ਇੱਛਾ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਵਿਦੇਸ਼ ਜਾਣ ਦੀ ਚਾਹਤ ਨੂੰ ਪੂਰਾ ਕਰਨ ਲਈ ਉਹ ਹਰ ਤਰ੍ਹਾਂ ਦਾ ਹਥਕੰਡਾ ਅਪਣਾਉਣ ਨੂੰ ਤਿਆਰ ਹੋ ਚੁੱਕੇ ਹਨ। ਆਪਣੀ ਇਸੇ ਚਾਹਤ ਨੂੰ ਪੂਰਾ ਕਰਨ ਲਈ ਨੌਜਵਾਨ ਲੜਕੇ-ਲੜਕੀਆਂ ਪੜ੍ਹਨ ਦੇ ਬਹਾਨੇ ਵਿਦੇਸ਼ਾਂ 'ਚ ਆਪਣੇ ਪੈਰ ਜਮਾ ਰਹੇ ਹਨ, ਉੱਥੇ ਹੀ ਅਨਪੜ੍ਹ ਅਤੇ ਕੰਮ ਕਰਨ ਵਾਲਿਆਂ 'ਚ ਵੀ ਵਿਦੇਸ਼ ਜਾਣ ਦੀ ਕਾਫੀ ਰੁਚੀ ਵੱਧ ਚੁੱਕੀ ਹੈ। ਕੁਝ ਲੋਕਾਂ ਦੀ ਤਾਂ ਸੋਚ ਹੀ ਅਜਿਹੀ ਬਣ ਗਈ ਹੈ ਕਿ ਭਾਵੇਂ ਕੁਝ ਵੀ ਕਰਨਾ ਪਵੇ, ਵਿਦੇਸ਼ ਜ਼ਰੂਰ ਜਾਣਾ ਹੈ। ਇਥੋਂ ਤੱਕ ਕਿ ਲੋਕ ਆਪਣੇ ਇਕਲੌਤੇ ਲੜਕੇ ਜਾਂ ਲੜਕੀ ਨੂੰ ਵੀ ਪੈਸੇ ਦੇ ਲਾਲਚ 'ਚ ਬਾਹਰ ਭੇਜ ਰਹੇ ਹਨ। ਕਈ ਲੋਕਾਂ ਦੇ ਬਾਹਰ ਜਾਣ ਦੀ ਇੱਛਾ 'ਚ ਆਪਣੀ ਜ਼ਮੀਨ ਅਤੇ ਹੋਰ ਸਾਮਾਨ ਵੀ ਜਾਂ ਤਾਂ ਵੇਚ ਦਿੰਦੇ ਹਨ ਜਾਂ ਫਿਰ ਗਿਰਵੀ ਰੱਖ ਦਿੰਦੇ ਹਨ। ਜੇਕਰ ਪੰਜਾਬ 'ਚ ਪੜ੍ਹੇ-ਲਿਖੇ ਨੌਜਵਾਨ ਲੜਕੇ-ਲੜਕੀਆਂ ਨੂੰ ਰੋਜ਼ਗਾਰ ਜਾਂ ਨੌਕਰੀ ਮਿਲਦੀ ਤਾਂ ਫਿਰ ਲੜਕੇ-ਲੜਕੀਆਂ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਕਿਉਂ ਭੱਜਦੇ।

ਨੌਜਵਾਨ ਵਰਗ ਨੂੰ ਪੰਜਾਬ 'ਚ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਉਹ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਜ਼ਿਆਦਾਤਰ ਪੜ੍ਹਨ ਦੇ ਬਹਾਨੇ ਵਿਦੇਸ਼ਾਂ 'ਚ ਜਾਂਦੇ ਹਨ ਪਰ ਫਿਰ ਵਾਪਸ ਨਹੀਂ ਪਰਤਦੇ। ਜੇਕਰ ਦੇਖਿਆ ਜਾਵੇ ਤਾਂ ਵੱਡੀ ਗਿਣਤੀ 'ਚ ਨੌਜਵਾਨ ਪੀੜ੍ਹੀ ਵਿਦੇਸ਼ਾਂ 'ਚ ਭੱਜ ਚੁੱਕੀ ਹੈ ਅਤੇ ਬਚੀ ਖੁਚੀ ਨੌਜਵਾਨ ਪੀੜ੍ਹੀ ਵੀ ਵਿਦੇਸ਼ ਜਾਣ ਦੀ ਤਿਆਰੀ 'ਚ ਹੈ। ਹੁਣ ਤਾਂ ਦੋਆਬਾ ਖੇਤਰ 'ਚ ਬਜ਼ੁਰਗ ਹੀ ਰਹਿ ਜਾਣਗੇ। ਇਸ ਅਹਿਮ ਮਾਮਲੇ ਨੂੰ ਲੈ ਕੇ ਪੰਜਾਬ ਕੇਸਰੀ ਵੱਲੋਂ ਇਸ ਵਿਸ਼ੇਸ਼ ਰਿਪੋਰਟ ਨੂੰ ਤਿਆਰ ਕੀਤਾ ਗਿਆ।

ਜੇਕਰ ਨੌਜਵਾਨਾਂ ਨੂੰ ਇਥੇ ਰੋਜ਼ਗਾਰ ਮਿਲੇ ਤਾਂ ਫਿਰ ਕਿਉਂ ਜਾਣ ਵਿਦੇਸ਼
ਪੰਜਾਬ ਸੂਬਾ ਕਦੇ ਆਪਣੀ ਖੁਸ਼ਹਾਲੀ ਤੇ ਅਮੀਰ ਵਿਰਾਸਤ 'ਤੇ ਚੱਲਦੇ ਬਹੁਤ ਪ੍ਰਸਿੱਧ ਸੀ ਪਰ ਮੌਜੂਦਾ ਸਮੇਂ 'ਚ ਇਸਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ ਕਿਉਂਕਿ ਬੇਰੋਜ਼ਗਾਰੀ ਕਾਰਣ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਆਪਣਾ ਰੁਖ ਵਿਦੇਸ਼ਾਂ ਵੱਲ ਮੋੜ ਲਿਆ ਹੈ ਜਾਂ ਇਥੇ ਕੋਈ ਰਹਿਣਾ ਹੀਂ ਨਹੀਂ ਚਾਹੁੰਦਾ। ਅੱਧੇ ਤੋਂ ਜ਼ਿਆਦਾ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਕੈਨੇਡਾ, ਅਮਰੀਕਾ, ਅਸਟ੍ਰੇਲੀਆ, ਇਟਲੀ, ਪੈਰਿਸ ਤੇ ਹੋਰ ਦੇਸ਼ਾਂ 'ਚ ਜਾ ਚੁੱਕੇ ਹਨ ਕਿਉਂਕਿ ਪੰਜਾਬ 'ਚ ਉਨ੍ਹਾਂ ਨੂੰ ਆਪਣਾ ਭਵਿੱਖ ਖਤਰੇ 'ਚ ਦਿਖਾਈ ਦੇ ਰਿਹਾ ਸੀ। ਜਿਨ੍ਹਾਂ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾਉਣ ਦੇ ਲਈ ਸਾਡੇ ਕਈ ਸ਼ੂਰਵੀਰਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ, ਅੱਜ ਉਨ੍ਹਾਂ ਅੰਗਰੇਜ਼ਾਂ ਦੇ ਕੋਲ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਭੱਜ ਰਹੀ ਹੈ। ਜਿਸਦਾ ਮੁੱਖ ਕਾਰਣ ਸਰਕਾਰ ਤੇ ਉਸ ਦੀਆਂ ਘਟੀਆ ਨੀਤੀਆਂ ਹਨ। ਸਿਆਸੀ ਪਾਰਟੀਆਂ ਨੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਦੀ ਹਾਲਤ ਨੂੰ ਵਿਗਾੜ ਦਿੱਤਾ ਹੈ ਅਤੇ ਰੋਜ਼ਗਾਰ ਦੇ ਸਾਧਨ ਉਪਲਬਧ ਨਾ ਹੋਣ ਕਾਰਨ ਸਾਡੀ ਨੌਜਵਾਨ ਪੀੜ੍ਹੀ ਆਪਣੇ ਭਵਿੱਖ ਨੂੰ ਉੱਜਲ ਬਣਾਉਣ ਲਈ ਵਿਦੇਸ਼ਾਂ ਵੱਲ ਆਪਣਾ ਰੁੱਖ ਕਰਨ ਨੂੰ ਮਜਬੂਰ ਹੋ ਗਈ ਹੈ।

PunjabKesari

ਆਈਲੈਟਸ ਕਰਨ 'ਚ ਵੱਧ ਰੁਚੀ ਦਿਖਾਉਂਦੇ ਹਨ ਲੜਕੇ-ਲੜਕੀਆਂ
ਪੰਜਾਬ ਦੇ ਲੋਕ ਵਿਦੇਸ਼ਾਂ 'ਚ ਜਾਣ ਨੂੰ ਪਹਿਲ ਦੇ ਰਹੇ ਹਨ, ਜਿਸ ਕਾਰਨ ਸਾਡੀ ਨੌਜਵਾਨ ਪੀੜ੍ਹੀ 12ਵੀਂ ਜਮਾਤ ਤੋਂ ਬਾਅਦ ਗ੍ਰੈਜੂਏਸ਼ਨ ਜਾਂ ਡਿਪਲੋਮਾ ਕਰਨ ਦੀ ਥਾਂ ਆਈਲੈਟਸ ਕਰਨ 'ਚ ਆਪਣੀ ਜ਼ਿਆਦਾ ਰੁਚੀ ਦਿਖਾ ਰਹੇ ਹਨ, ਜਿਸ ਤੋਂ ਬਾਅਦ ਉਹ ਵੀਜ਼ਾ ਲਗਵਾ ਕੇ ਜਹਾਜ਼ ਚੜ੍ਹਨ ਦੀਆਂ ਤਿਆਰੀਆਂ ਕਰ ਲੈਂਦੇ ਹਨ। ਨੌਜਵਾਨ ਪੀੜ੍ਹੀ ਦਾ ਆਈਲੈਟਸ ਕਰਨ ਵੱਲ ਰੁਚੀ ਵਧਾਉਣ ਦੇ ਚੱਲਦੇ ਪੰਜਾਬ 'ਚ ਇਨ੍ਹਾਂ ਦਿਨਾਂ 'ਚ ਥਾਂ-ਥਾਂ 'ਤੇ ਆਈਲੈਟਸ ਸੈਂਟਰ ਵੀ ਖੁੱਲ੍ਹ ਚੁੱਕੇ ਹਨ।

ਵਿਦੇਸ਼ ਜਾਣ ਲਈ ਨਕਲੀ ਵਿਆਹ ਵੀ ਕਰਵਾਉਣ ਨੂੰ ਤਿਆਰ ਨੌਜਵਾਨ ਪੀੜ੍ਹੀ
ਵਿਦੇਸ਼ ਜਾਣ ਦੀ ਇੱਛਾ ਇੰਨੀ ਵੱਧ ਚੁੱਕੀ ਹੈ ਕਿ ਲੋਕ ਨਕਲੀ ਵਿਆਹ ਵੀ ਕਰਵਾਉਣ ਲੱਗ ਪਏ ਹਨ। ਕਈ ਵਿਵਾਹਿਤ ਨੌਜਵਾਨ ਆਪਣੀ ਇੱਛਾ ਨਾਲ ਆਪਣੀ ਪਤਨੀ ਦੀ ਸਹਿਮਤੀ ਨਾਲ ਤਲਾਕ ਦੇ ਕਾਗਜ਼ ਪੱਤਰ ਤਿਆਰ ਕਰ ਲੈਂਦੇ ਹਨ ਤੇ ਫਿਰ ਵਿਦੇਸ਼ 'ਚ ਆਈ ਲੜਕੀ ਨੂੰ ਲੱਖਾਂ ਰੁਪਏ ਆਪਣੇ ਵੱਲੋਂ ਇਸ ਲਈ ਦਿੰਦੇ ਹਨ ਕਿ ਉਹ ਉਨ੍ਹਾਂ ਦੇ ਨਾਲ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਲੈ ਕੇ ਜਾਣ। ਨੌਜਵਾਨਾਂ ਲੜਕੀਆਂ ਦਾ ਵਿਆਹ 50-60 ਸਾਲ ਦੀ ਉਮਰ ਵਾਲੇ ਵਿਦੇਸ਼ੀ ਲੜਕੇ ਨਾਲ ਵੀ ਕਰ ਦਿੱਤਾ ਜਾਂਦਾ ਹੈ।

ਫਰਜ਼ੀ ਏਜੰਟਾਂ ਦਾ ਵਧਿਆ ਬੋਲਬਾਲਾ, ਭੋਲੇ-ਭਾਲੇ ਲੋਕਾਂ ਨੂੰ ਬਣਾ ਰਹੇ ਹਨ ਆਪਣਾ ਨਿਸ਼ਾਨਾ
ਵਿਦੇਸ਼ ਜਾਣ ਦੀ ਚਾਹਤ 'ਚ ਲੋਕ ਇੰਨੇ ਉਤਾਵਲੇ ਹੋ ਗਏ ਹਨ ਕਿ ਉਹ ਅਸਲੀ ਅਤੇ ਨਕਲੀ ਏਜੰਟਾਂ ਦੀ ਪਛਾਣ ਵੀ ਨਹੀਂ ਕਰ ਪਾਉਂਦੇ, ਜਿਸ ਦਾ ਕੁਝ ਫਰਜ਼ੀ ਏਜੰਟ ਖੂਬ ਫਾਇਦਾ ਉਠਾ ਰਹੇ ਹਨ। ਫਰਜ਼ੀ ਏਜੰਟ ਅਨੇਕ ਲੋਕਾਂ ਤੋਂ ਲੱਖ ਰੁਪਏ ਦੀ ਠੱਗੀ ਮਾਰ ਰਹੇ ਹਨ ਤੇ ਠੱਗੀ ਦੇ ਇਹ ਮਾਮਲੇ ਪੰਚਾਇਤਾਂ, ਥਾਣਿਆਂ ਤੇ ਕਚਹਿਰੀਆਂ 'ਚ ਇਸ ਤਰ੍ਹਾਂ ਹੀ ਧੂਲ ਚੱਟ ਰਹੇ ਹਨ। ਕਿਸੇ ਨੂੰ ਥੋੜ੍ਹੇ ਬਹੁਤ ਪੈਸੇ ਵਾਪਸ ਮਿਲ ਜਾਂਦੇ ਹਨ ਤਾਂ ਕਿਸੇ ਦੇ ਹੱਥ ਕੁਝ ਹੀ ਨਹੀਂ ਲੱਗਦਾ।

ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਚਕੱਰਵਿਊ 'ਚ ਫਸੀ ਪੰਜਾਬ ਦੀ ਜਵਾਨੀ ਗਲਤ ਰਸਤਿਆਂ 'ਤੇ ਲੱਗੀ ਚੱਲਣ
ਮਹਿੰਗਾਈ ਅਤੇ ਬੇਰੋਜ਼ਗਾਰੀ ਵਧਣ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਸਮੇਂ ਦੀਆਂ ਸਰਕਾਰਾਂ ਦੀਆਂ ਘਟੀਆ ਨੀਤੀਆਂ ਦੇ ਕਾਰਣ ਗਲਤ ਰਸਤੇ 'ਤੇ ਚੱਲਣ ਲੱਗ ਪਈ ਹੈ। ਕਈ ਨੌਜਵਾਨਾਂ ਨੇ ਆਪਣੀ ਜਵਾਨੀ ਨਸ਼ੇ 'ਚ ਖਰਾਬ ਕਰ ਲਈ ਹੈ, ਕਈ ਨਸ਼ੇ ਦੀ ਪੂਰਤੀ ਦੇ ਲਈ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲੱਗ ਪਏ ਹਨ, ਜਿਸ ਨੇ ਉਨ੍ਹਾਂ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਲੁੱਟਪਾਟ, ਚੋਰੀ, ਡਕੈਤੀ, ਕਤਲ, ਕੁੱਟ-ਮਾਰ ਦੀਆਂ ਘਟਨਾਵਾਂ ਵੱਧਣ ਲੱਗੀਆਂ ਹਨ। ਜੇਕਰ ਅਜਿਹੇ ਘਿਨੌਣੇ ਕੰਮ ਕਰਨ ਵਾਲਿਆਂ ਨੂੰ ਸਰਕਾਰਾਂ ਨੇ ਸਹੀ ਸਮੇਂ 'ਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਹੁੰਦੇ ਤਾਂ ਅੱਜ ਜਗ੍ਹਾ-ਜਗ੍ਹਾ 'ਤੇ ਨਸ਼ਾ ਛੁਡਾਊ ਕੇਂਦਰ ਖੁਲ੍ਹਵਾਉਣ ਦੀ ਜ਼ਰੂਰਤ ਨਾ ਪੈਂਦੀ। ਕਿਸੇ ਵੀ ਸੂਬੇ ਜਾਂ ਦੇਸ਼ ਦਾ ਵਿਕਾਸ ਉਸਦੀ ਨੌਜਵਾਨ ਪੀੜ੍ਹੀ ਤੇ ਨਿਰਭਰ ਹੁੰਦਾ। ਜੇਕਰ ਸਾਡੀ ਨੌਜਵਾਨ ਪੀੜ੍ਹੀ ਹੀ ਸਾਡੇ ਸੂਬੇ ਜਾਂ ਦੇਸ਼ 'ਚ ਨਹੀਂ ਹੋਵੇਗੀ ਤਾਂ ਦੇਸ਼ ਦਾ ਵਿਕਾਸ ਕਦੇ ਨਹੀਂ ਹੋ ਸਕਦਾ।


shivani attri

Content Editor

Related News