20 ਦਿਨ ਪਹਿਲਾਂ ਵਿਆਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Wednesday, Feb 19, 2020 - 05:38 PM (IST)

ਅੰਮ੍ਰਿਤਸਰ/ਚੋਗਾਵਾ (ਸਤਨਾਮ,ਹਰਜੀਤ) : ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵਣੀਏਕੇ ਦੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਜੇਪਾਲ ਸਿੰਘ ਵਾਸੀ ਵਣੀਏਕੇ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਰਫ 20 ਦਿਨ ਪਹਿਲਾਂ ਹੀ ਅਜੇਪਾਲ ਸਿੰਘ ਦਾ ਵਿਆਹ ਹੋਇਆ ਸੀ। ਬੀਤੀ ਰਾਤ ਬਹਿੜਵਾਲ ਪੱਧਰੀ ਦੇ ਵਿਚਕਾਰ ਪੁਲੀ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ।
ਇਸ ਹਮਲੇ 'ਚ ਅਜੇਪਾਲ ਸਿੰਘ ਦਾ ਦੋਸਤ ਜੋਗਾ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਵੇਂ ਨੌਜਵਾਨ ਪਿੰਡ ਵਣੀਏਕੇ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਣੀਕੇ ਵੱਲ ਜਾ ਰਹੇ ਸਨ। ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਪੂਰੇ ਮਾਮਲੇ 'ਤੇ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਫਿਲਹਾਲ ਅਜੇ ਤਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।