ਲੋਪੋਕੇ ''ਚ ਨੌਜਵਾਨ ਦਾ ਕਤਲ

07/24/2017 4:32:47 AM

ਲੋਪੋਕੇ,   (ਸਤਨਾਮ)-  ਬੀਤੀ ਰਾਤ ਪਿੰਡ ਲੋਪੋਕੇ ਵਿਖੇ ਨੰਬਰਦਾਰ ਗੁਰਨਾਮ ਸਿੰਘ ਦੇ ਖੇਤਾਂ 'ਚ ਪਿੰਡ ਦੇ ਹੀ ਇਕ ਨੌਜਵਾਨ ਸੁਖਚੈਨ ਸਿੰਘ ਪੁੱਤਰ ਗੁਰਮੇਜ ਸਿੰਘ (33) ਦਾ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਹਰਸੰਦੀਪ ਸਿੰਘ ਸੰਧੂ ਦੀ ਟੀਮ ਨੇ ਦਿਨ ਮੌਕੇ ਵਾਰਦਾਤ ਵਾਲੀ ਜਗ੍ਹਾ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ।
ਪੁਲਸ ਨੇ ਇਸ ਸਬੰਧੀ ਮ੍ਰਿਤਕ ਸੁਖਚੈਨ ਸਿੰਘ ਦੇ ਪਿਤਾ ਗੁਰਮੇਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਦਿਆਂ ਦੱਸਿਆ ਕਿ ਮ੍ਰਿਤਕ ਸੁਖਚੈਨ ਸਿੰਘ ਦੇ ਬਲਬੀਰ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਸਨ, ਅਸੀਂ ਇਸ ਸਬੰਧੀ ਸੁਖਚੈਨ ਸਿੰਘ ਨੂੰ ਕਈ ਵਾਰ ਰੋਕਿਆ ਪਰ ਉਹ ਨਹੀਂ ਰੁਕਿਆ ਅਤੇ ਬੀਤੀ ਰਾਤ ਰੋਟੀ ਖਾ ਕੇ ਸਾਨੂੰ ਦੱਸੇ ਬਿਨਾਂ ਹੀ ਘਰੋਂ ਨਿਕਲ ਗਿਆ, ਜਦੋਂ ਕਿ ਦਿਨੇ ਉਸ ਦੀ ਲਾਸ਼ ਨੰਬਰਦਾਰ ਦੇ ਖੇਤਾਂ 'ਚੋਂ ਮਿਲੀ। ਮ੍ਰਿਤਕ ਦੇ ਗਲ 'ਚ ਪਰਨਾ ਪਾਇਆ ਹੋਇਆ ਸੀ ਅਤੇ ਧੌਣ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਗਹਿਰੇ ਨਿਸ਼ਾਨ ਪਏ ਹੋਏ ਸਨ।  ਇਸ ਸਬੰਧੀ ਪੁਲਸ ਥਾਣਾ ਲੋਪੋਕੇ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਬਲਬੀਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਧਾਰਾ 302/34 ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ।


Related News