ਲਿਵ-ਇਨ-ਰਿਲੇਸ਼ਨ 'ਚ ਤੀਜੇ ਦੀ ਐਂਟਰੀ ਨਾਲ ਪਿਆ ਭੜਥੂ, Girlfriend ਪਿੱਛੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ

Monday, May 13, 2024 - 10:58 AM (IST)

ਲਿਵ-ਇਨ-ਰਿਲੇਸ਼ਨ 'ਚ ਤੀਜੇ ਦੀ ਐਂਟਰੀ ਨਾਲ ਪਿਆ ਭੜਥੂ, Girlfriend ਪਿੱਛੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ

ਖਰੜ  (ਰਣਬੀਰ) : ਖਰੜ ਦੀ ਦਰਪਣ ਗਰੀਨ ਸੁਸਾਇਟੀ ਸਾਹਮਣੇ ਘਰ ’ਚ ਰਹਿੰਦੇ ਨੌਜਵਾਨ ਦਾ ਉਸ ਦੀ ਹੀ ਗਰਲਫਰੈਂਡ ਤੇ ਦੋਸਤ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਕਤਲ ਹੋਏ ਨੌਜਵਾਨ ਦੀ ਪਛਾਣ 22 ਸਾਲਾ ਤੁਸ਼ਾਰ ਉਰਫ਼ ਗੋਲੂ ਵਜੋਂ ਹੋਈ ਹੈ, ਜੋ ਮੂਲ ਤੌਰ ’ਤੇ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਸੀ। ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਵਾਰਦਾਤ ਨੂੰ ਕਰੀਬ ਅੱਧੀ ਰਾਤ ਵੇਲੇ ਅੰਜਾਮ ਦਿੱਤਾ ਗਿਆ, ਜਿਸ ਦਾ ਸਵੇਰੇ ਕਰੀਬ ਸਾਢੇ 8 ਵਜੇ ਆਂਢ-ਗੁਆਂਢ ਦੇ ਲੋਕਾਂ ਨੂੰ ਪਤਾ ਪਤਾ ਲੱਗਦਿਆਂ ਸਾਰ ਇਸ ਦੀ ਸੂਚਨਾ ਪੁਲਸ ਹੈਲਪਲਾਈਨ ਨੰਬਰ 112 ’ਤੇ ਦਿੱਤੀ। ਪੀ. ਸੀ. ਆਰ. ਪਾਰਟੀ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਇਸ ਦੀ ਜਾਣਕਾਰੀ ਆਪਣੇ ਸੀਨੀਅਰ ਅਫ਼ਸਰਾਂ ਨੂੰ ਦਿੱਤੀ ਗਈ। ਡੀ. ਐੱਸ. ਪੀ. ਖਰੜ ਸਿਟੀ-1 ਕਰਨ ਸਿੰਘ ਸੰਧੂ, ਸੀ. ਆਈ. ਏ. ਇੰਚਾਰਜ ਹਰਮੰਦਰ ਸਿੰਘ ਤੇ ਐੱਸ. ਐੱਚ. ਓ. ਸਿਟੀ ਮਨਦੀਪ ਸਿੰਘ ਫਾਰੈਂਸਿਕ ਮਾਹਿਰਾਂ ਸਣੇ ਮੌਕੇ 'ਤੇ ਪੁੱਜ ਗਏ। ਤੁਸ਼ਾਰ ਉਰਫ਼ ਗੋਲੂ ਦਰਪਣ ਸਿਟੀ ਗੇਟ ਨੰਬਰ-1 ਵਾਲੀ ਗਲੀ ਕੋਠੀ ਨੰਬਰ 24 ’ਚ ਪੀ. ਜੀ. ’ਚ ਆਪਣੀ ਗਰਲਫਰੈਂਡ ਤਮੰਨਾ ਵਾਸੀ ਜੀਂਦ ਨਾਲ ਲਿਵ ਇਨ ’ਚ ਰਹਿ ਰਿਹਾ ਸੀ। ਇਹ ਕੋਠੀ ਕਰੀਬ ਚਾਰ ਮਹੀਨੇ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ, ਜਿਸ ਦਾ ਮਾਲਕ ਕੁਲਬੀਰ ਵੀ ਜੀਂਦ ਹਰਿਆਣਾ ਨਾਲ ਹੀ ਸਬੰਧਿਤ ਦੱਸਿਆ ਜਾ ਰਿਹਾ ਹੈ, ਜੋ ਤੁਸ਼ਾਰ ਦਾ ਦੋਸਤ ਹੈ।

ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਪਲੀਮੈਂਟਰੀ Exams ਲਈ ਜਾਰੀ ਹੋਇਆ ਸ਼ਡਿਊਲ

ਤੁਸ਼ਾਰ ਨੇ ਤਿੰਨ ਮਹੀਨੇ ਪਹਿਲਾਂ ਹੀ ਇੱਥੇ ਢਾਬੇ ਦਾ ਕੰਮ ਸ਼ੁਰੂ ਕੀਤਾ ਸੀ। ਮਾਲਕ ਵੱਲੋਂ ਤਿੰਨ ਕਮਰੇ ਵੱਖੋ-ਵੱਖ ਮੁੰਡਿਆਂ ਨੂੰ ਕਿਰਾਏ 'ਤੇ ਦਿੱਤੇ ਗਏ ਹਨ, ਜਿੱਥੇ ਇੱਕ ਕਮਰੇ ’ਚ ਤੁਸ਼ਾਰ ਤੇ ਉਸ ਦੀ ਦੋਸਤ, ਜਦੋਂ ਕਿ ਨਾਲ ਵਾਲੇ ਕਮਰੇ ’ਚ ਅਤੇ ਅੱਗੇ ਵਾਲੇ ਕਮਰੇ ’ਚ ਦੋ ਵੱਖੋ-ਵੱਖ ਮੁੰਡੇ ਰਹਿ ਰਹੇ ਹਨ। ਅੱਗੇ ਵਾਲੇ ਕਮਰੇ ’ਚ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਤੁਸ਼ਾਰ ਪਿਛਲੇ ਵਾਲੇ ਕਮਰੇ ’ਚ ਕੁੜੀ ਨਾਲ ਰਹਿੰਦਾ ਸੀ। ਰਾਤ ਕਰੀਬ 9 ਵਜੇ ਤੁਸ਼ਾਰ, ਉਸ ਦੀ ਗਰਲਫਰੈਂਡ ਤੇ ਮੋਹਾਲੀ ਨਿਵਾਸੀ ਅਮਨ ਨਾਲ ਵਾਲੇ ਕਮਰੇ ’ਚ ਦੁਕਾਨ ਤੋਂ ਕੁੱਝ ਕੋਲਡ ਡਰਿੰਕ, ਚਿਪਸ ਆਦਿ ਹੋਰ ਖਾਣ-ਪੀਣ ਦਾ ਸਾਮਾਨ ਲੈ ਕੇ ਆਏ ਸਨ। ਇਸ ਤੋਂ ਬਾਅਦ ਤਿੰਨੋਂ ਘਰ ’ਚ ਹੀ ਮੌਜੂਦ ਸਨ। ਰਾਤ ਕਰੀਬ 11.30 ਵਜੇ ਜਦੋਂ ਉਹ ਫਰਿੱਜ ’ਚੋਂ ਪਾਣੀ ਲੈਣ ਲਈ ਗਿਆ ਤਾਂ ਉਸ ਵੇਲੇ ਉਹ ਤਿੰਨੋਂ ਨਾਲ ਵਾਲੇ ਕਮਰੇ ’ਚ ਬੈਠੇ ਗੱਲਾਂ ਕਰ ਰਹੇ ਸਨ, ਜਿਸ ਤੋਂ ਬਾਅਦ ਉਹ ਖਾਣਾ ਖਾਣ ਲਈ ਵੀ ਗਏ। ਉਦੋਂ ਤੱਕ ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ। ਅਮਨ ਤੁਸ਼ਾਰ ਦਾ ਦੋਸਤ ਸੀ, ਜੋ ਅਕਸਰ ਉਸ ਕੋਲ ਆਉਂਦਾ ਰਹਿੰਦਾ ਸੀ ਤੇ ਰਾਤ ਨੂੰ ਰੁਕਦਾ ਵੀ ਸੀ। ਤੁਸ਼ਾਰ ਨੇ ਬੁਲਟ ਰੱਖਿਆ ਹੋਇਆ ਸੀ। ਕਈ ਵਾਰ ਸੁਸਾਇਟੀ ’ਚ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ, ਬੁਲਟ ਦੇ ਪਟਾਕੇ ਵਜਾਉਣ ਕਾਰਨ ਉਹ ਅਕਸਰ ਵਿਵਾਦਾਂ ’ਚ ਆ ਚੁੱਕਾ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਇਕ ਸਾਬਕਾ ਮੁੱਖ ਮੰਤਰੀ ਅਤੇ 3 ਦੇ ਰਿਸ਼ਤੇਦਾਰ ਲੜ ਰਹੇ ਹਨ ਲੋਕ ਸਭਾ ਚੋਣ

ਰਾਤ ਕਰੀਬ ਡੇਢ ਵਜੇ ਤੱਕ ਅਮਨ ਦਾ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਮਕਾਨ ਬਾਹਰ ਖੜ੍ਹਾ ਦੇਖਿਆ ਗਿਆ ਸੀ ਪਰ ਬਾਅਦ ’ਚ ਉੱਥੇ ਨਹੀਂ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਧੀ ਰਾਤ ਡੇਢ ਵਜੇ ਤੋਂ ਲੈ 2 ਵਜੇ ਦਰਮਿਆਨ ਕੁੱਝ ਵਾਪਰਿਆ, ਜਿਸ ਪਿੱਛੋਂ ਅਮਨ ਤੇ ਤਮੰਨਾ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ ਵੀ ਸਵਿੱਚ ਆਫ ਆ ਰਹੇ ਸਨ। ਦਰਅਸਲ ਮਕਾਨ ਮਾਲਕ ਕੁਲਬੀਰ ਸਵੇਰੇ ਤੁਸ਼ਾਰ ਨੂੰ ਫੋਨ ਕਰ ਰਿਹਾ ਸੀ, ਜਿਸ ਦਾ ਉਸ ਵੱਲੋਂ ਜਵਾਬ ਨਾ ਦਿੱਤੇ ਜਾਣ ’ਤੇ ਮਕਾਨ ਮਾਲਕ ਨੇ ਉੱਪਰਲੀ ਮੰਜ਼ਲ ’ਤੇ ਰਹਿਣ ਵਾਲੇ ਮੁੰਡੇ ਨੂੰ ਥੱਲੇ ਭੇਜ ਕੇ ਤੁਸ਼ਾਰ ਨੂੰ ਫੋਨ ਚੁੱਕਣ ਦਾ ਸੁਨੇਹਾ ਭੇਜਿਆ। ਤੁਸ਼ਾਰ ਨੂੰ ਕੰਬਲ ਲੈ ਕੇ ਸੁੱਤਾ ਪਿਆ ਸਮਝ ਕੇ ਉਹ ਮੁੰਡਾ ਉੱਥੋਂ ਚਲਾ ਗਿਆ ਪਰ ਕੁਝ ਸਮੇਂ ਪਿੱਛੋਂ ਮਾਲਕ ਦੇ ਮੁੜ ਕਹਿਣ ’ਤੇ ਉਸ ਮੁੰਡੇ ਨੇ ਮੁੜ ਉੱਥੇ ਬੈੱਡ ’ਤੇ ਪਏ ਤੁਸ਼ਾਰ ਉੱਤੋਂ ਕੰਬਲ ਚੁੱਕ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਉਸ ਦੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਤੁਸ਼ਾਰ ਨੂੰ ਖ਼ੂਨ ’ਚ ਲੱਥਪੱਥ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸ ਦੇ ਚਿਹਰੇ ’ਤੇ ਸੱਜੇ ਪਾਸੇ ਕਿਸੇ ਜ਼ੋਰਦਾਰ ਮਜ਼ਬੂਤ ਚੀਜ਼ ਨਾਲ ਵਾਰ ਕੀਤੇ ਗਏ ਸਨ। ਚਿਹਰੇ ਦੀ ਹਾਲਤ ਬੇਹੱਦ ਖ਼ਰਾਬ ਸੀ। ਕਮਰੇ ਤੋਂ ਲੈਕੇ ਵਾਸ਼ਰੂਮ ਤੱਕ ਖ਼ੂਨ ਨਾਲ ਲਿਬੜੇ ਕਾਤਲ ਦੇ ਜੁੱਤਿਆਂ ਦੇ ਨਿਸ਼ਾਨ ਫਰਸ਼ ’ਤੇ ਸਾਫ਼ ਨਜ਼ਰ ਆ ਰਹੇ ਸਨ।
ਮੌਕੇ ਤੋਂ ਮਿਲੀ ਸ਼ਰਾਬ ਤੇ ਡਿਸਪੋਜ਼ਲ ਗਲਾਸ
ਪੁਲਸ ਨੂੰ ਮੌਕੇ ’ਤੇ ਦੋ ਡਿਸਪੋਜ਼ਲ ਗਿਲਾਸ ਤੇ ਇੱਕ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ, ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਰਾਤ ਨੂੰ ਕਮਰੇ ’ਚ ਤੁਸ਼ਾਰ ਤੇ ਉਸ ਦੇ ਸਾਥੀਆਂ ਨੇ ਬੈਠ ਕੇ ਸ਼ਰਾਬ ਵੀ ਪੀਤੀ ਹੋਵੇਗੀ। ਬੈੱਡ 'ਤੇ ਪਿਆ ਸਿਰਹਾਣਾ ਖ਼ੂਨ ਨਾਲ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀ। ਕਤਲ ਮੌਕੇ ਅੱਗੇ ਵਾਲੇ ਕਮਰੇ ਤੇ ਉੱਪਰ ਵਾਲੇ ਕਮਰੇ ’ਚ ਮੁੰਡੇ ਮੌਜੂਦ ਸਨ ਪਰ ਕਿਸੇ ਨੂੰ ਵੀ ਕੋਈ ਚੀਕ ਜਾਂ ਲੜਾਈ-ਝਗੜੇ, ਹੱਥੋਪਾਈ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਮੌਕੇ ’ਤੇ ਪਹੁੰਚ ਕੇ ਪੁਲਸ ਨੇ ਮ੍ਰਿਤਕ ਦੇ ਘਰ ਵਾਲਿਆਂ ਨੂੰ ਸੰਪਰਕ ਕਰ ਕੇ ਸਾਰੀ ਜਾਣਕਾਰੀ ਦਿੱਤੀ ਗਈ ਤੇ ਕੁੜੀ ਦੇ ਘਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਤੁਸ਼ਾਰ ਤੇ ਤਮੰਨਾ ਦੋਵੇਂ ਕਰੀਬ ਢਾਈ ਸਾਲ ਤੋਂ ਰਿਲੇਸ਼ਨ ’ਚ ਸਨ। ਪੁਲਸ ਨੇ ਮ੍ਰਿਤਕ ਦਾ ਮੋਬਾਇਲ ਬਰਾਮਦ ਕਰ ਲਿਆ ਹੈ, ਜਿਸ ਤੋਂ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।
ਨਵਾਂਗਰਾਓਂ ਤੋਂ ਦੋਵੇਂ ਕਾਬੂ
ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਕਤਲ ਦੇ ਦੋਵੇਂ ਮੁਲਜ਼ਮ ਤੁਸ਼ਾਰ ਦੀ ਗਰਲਫਰੈਂਡ ਤਮੰਨਾ ਤੇ ਤੁਸ਼ਾਰ ਦੇ ਦੋਸਤ ਅਮਨ ਸ਼ੁਕਲਾ ਖ਼ਿਲਾਫ਼ ਤੁਸ਼ਾਰ ਦੇ ਪਿਤਾ ਸੁਭਾਸ਼ ਚੰਦਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਕਤਲ ਦਰਜ ਕੀਤਾ ਗਿਆ। ਇਸ ਪਿੱਛੋਂ ਗਠਿਤ ਕੀਤੀਆਂ ਗਈਆਂ ਵੱਖ-ਵੱਖ ਪੁਲਸ ਟੀਮਾਂ ਨੇ ਦੋਵਾਂ ਨੂੰ ਨਵਾਂਗਰਾਂਓ ਤੋਂ ਕਾਬੂ ਕਰ ਲਿਆ, ਜਿਨ੍ਹਾਂ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਮੰਨਿਆ ਕਿ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਤਮੰਨਾ ਦੀ ਵਜ੍ਹਾ ਕਾਰਨ ਅਮਨ ਤੇ ਤੁਸ਼ਾਰ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜੋ ਇਸ ਕਦਰ ਵੱਧ ਗਈ ਕਿ ਅਮਨ ਨੇ ਰਸੋਈ ’ਚ ਰੱਖਿਆ ਸਿਲੰਡਰ ਚੁੱਕ ਕੇ ਤੁਸ਼ਾਰ ਦੇ ਸਿਰ ’ਚ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜ਼ਿੰਦਗੀ ’ਚ ਤੀਜਾ ਆਉਣ ਨਾਲ ਆਈ ਸਬੰਧਾਂ ’ਚ ਕੁੜੱਤਣ
ਦਰਅਸਲ ਤਮੰਨਾ ਅਤੇ ਤੁਸ਼ਾਰ ਦੋਵੇਂ ਕਾਫ਼ੀ ਦੇਰ ਤੋ ਰਿਲੇਸ਼ਨ ’ਚ ਸਨ ਪਰ ਹੁਣ ਦੋਵਾਂ ਦਰਮਿਆਨ ਤੀਜਾ ਅਮਨ ਆ ਚੁੱਕਾ ਸੀ। ਤਮੰਨਾ ਦਾ ਝੁਕਾਅ ਅਮਨ ਵੱਲ ਹੋਣ ਲੱਗਾ ਸੀ, ਜੋ ਤੁਸ਼ਾਰ ਨੂੰ ਬਰਦਾਸ਼ਤ ਨਹੀਂ ਸੀ। ਇਸੇ ਦਰਮਿਆਨ ਤਮੰਨਾ ਤੇ ਤੁਸ਼ਾਰ ਦੇ ਸਬੰਧਾਂ ’ਚ ਕੁੜੱਤਣ ਆਉਣੀ ਸ਼ੁਰੂ ਹੋ ਚੁੱਕੀ ਸੀ। ਤਮੰਨਾ ਨਾਲ ਨੇੜਤਾ ਵੱਧਣ ਕਾਰਨ ਅਮਨ ਦਾ ਇੱਥੇ ਆਉਣਾ-ਜਾਣਾ ਵੀ ਕਾਫ਼ੀ ਵੱਧ ਚੁੱਕਾ ਸੀ। ਬੀਤੀ ਰਾਤ ਜਦੋਂ ਅਮਨ ਇੱਥੇ ਮੌਜੂਦ ਸੀ ਤਾਂ ਤਮੰਨਾ ਤੇ ਤੁਸ਼ਾਰ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਤਾਂ ਅਮਨ ਨੇ ਉਸ ’ਚ ਦਖ਼ਲ ਦਿੰਦਿਆਂ ਤੁਸ਼ਾਰ ਨੂੰ ਗ਼ਲਤ ਕਹਿਣਾ ਸ਼ੁਰੂ ਕਰ ਦਿੱਤਾ। ਇਸੇ ਬਹਿਸ ’ਚ ਤੁਸ਼ਾਰ ਦੀ ਜਾਨ ਚਲੀ ਗਈ। ਦੋਵੇਂ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਤੁਸ਼ਾਰ ਦੀ ਲਾਸ਼ ਸਿਵਲ ਹਸਪਤਾਲ ਖਰੜ ਮੌਰਚਰੀ ਵਿਖੇ ਸ਼ਿਫਟ ਕਰਵਾ ਦਿੱਤੀ ਗਈ ਹੈ, ਜਿਸ ਦਾ ਪੋਸਟਮਾਰਟਮ ਕਰਵਾਉਣ ਪਿੱਛੋਂ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News