ਚੰਡੀਗੜ੍ਹ ਦੀ ਚਕਾਚੌਧ ਵੇਖ ਵਿਗੜਿਆ 18 ਸਾਲਾ ਮੁੰਡਾ, ਬਣਿਆ ਮੋਸਟ ਵਾਂਟੇਡ, ਕਰਤੂਤਾਂ ਸੁਣ ਨਹੀਂ ਹੋਵੇਗਾ ਯਕੀਨ

03/15/2017 6:47:05 PM

ਚੰਡੀਗੜ੍ਹ (ਕੁਲਦੀਪ ਸ਼ੁਕਲਾ) : ਆਮ ਨਜ਼ਰ ਆਉਣ ਵਾਲੇ ਇਸ ਸੋਨੂੰ ਨਾਮ ਦੇ 18 ਸਾਲਾ ਨੌਜਵਾਨ ਦੀ ਚੰਡੀਗੜ੍ਹ ਪੁਲਸ ਵਲੋਂ ਬੜੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਤੋਂ ਸੋਨੂੰ ਦਾ ਪਿਤਾ ਉਸ ਨੂੰ ਇਹ ਸੋਚ ਕੇ ਚੰਡੀਗੜ੍ਹ ਲਿਆਇਆ ਸੀ ਕਿ ਸੋਨੂੰ ਪੜ੍ਹ ਲਿਖ ਕੇ ਚੰਗੀ ਨੌਕਰੀ ''ਤੇ ਲੱਗ ਜਾਵੇਗਾ। ਬਾਰ੍ਹਵੀਂ ਤੋਂ ਬਾਅਦ ਸੋਨੂੰ ਹਾਈ-ਫਾਈ ਹੋ ਗਿਆ। ਦਿਖਾਵੇ ਲਈ ਵਧੀਆ ਕੱਪੜੇ ਅਤੇ ਮੋਬਾਇਲ ਆਦਿ ਲਈ ਸੋਨੂੰ ਨੇ ਸਨੈਚਿੰਗ ਸ਼ੁਰੂ ਕਰ ਦਿੱਤੀ। ਜਦੋਂ ਸਨੈਚਿੰਗ ਨਾਲ ਗੱਲ ਨਾ ਬਣੀ ਤਾਂ ਉਸਨੇ ਬੰਦ ਘਰਾਂ ਦੇ ਤਾਲੇ ਤੋੜਨੇ ਸ਼ੁਰੂ ਕਰ ਦਿੱਤੇ। ਇਕ-ਇਕ ਕਰਕੇ ਉਸਦੇ ਖਿਲਾਫ ਦਰਜਨਾਂ ਵਾਰਦਾਤਾਂ ਦੇ ਮਾਮਲੇ ਦਰਜ ਹੋ ਗਏ। ਜਦੋਂ ਤਕ ਗੱਲ ਪਰਿਵਾਰ ਤਕ ਪਹੁੰਚੀ ਤਾਂ ਕਾਫੀ ਦੇਰ ਹੋ ਚੁੱਕੀ ਸੀ। ਪਰਿਵਾਰ ਵਾਲਿਆਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਦੀ ਨੱਕ ਵਿਚ ਦਮ ਕਰ ਚੁੱਕੇ ਸੋਨੂੰ ਲਈ ਪੁਲਸ ਸਖ਼ਤ ਰੁਖ਼ ਅਖਤਿਆਰ ਕਰ ਚੁੱਕੀ ਸੀ। ਉਦੋਂ ਤੋਂ ਅੱਜ 2 ਸਾਲ ਹੋ ਗਏ ਸੋਨੂੰ ਭੱਜਦਾ ਹੀ ਜਾ ਰਿਹਾ ਹੈ, ਜਿਸਦੇ ਪਿੱਛੇ ਹੈ ਕ੍ਰਾਈਮ ਬ੍ਰਾਂਚ ਦੀ ਸਪੈਸ਼ਲ ਟੀਮ। ਕਈ ਸੂਬਿਆਂ ਵਿਚ ਰੇਡ ਦੇ ਬਾਵਜੂਦ ਪੁਲਸ ਦੇ ਕੋਲ ਸੁਰਾਗ ਦੇ ਤੌਰ ''ਤੇ ਸੋਨੂ ਦੀ ਤਸਵੀਰ ਤੇ ਨਾਂ ਹੀ ਹੈ। ਜਦੋਂ ਤੋਂ ਉਹ ਫਰਾਰ ਹੋਇਆ, ਉਦੋਂ ਤੋਂ ਪਰਿਵਾਰ ਨਾਲ ਵੀ ਉਸਦਾ ਸੰਪਰਕ ਨਹੀਂ ਹੋਇਆ ਹੈ।

ਪੀ. ਓ. ਐਲਾਨ ਕਰਾਉਣ ਦੀ ਪ੍ਰੋਸੀਡਿੰਗ ''ਚ ਪੁਲਸ
ਸੰਬੰਧਤ ਥਾਣਾ ਪੁਲਸ ਮੁਲਜ਼ਮ ਸੋਨੂੰ ਖਿਲਾਫ ਪੀ. ਓ. ਪ੍ਰੋਸੀਡਿੰਗ ਸ਼ੁਰੂ ਕਰਨ ਦੀ ਤਿਆਰੀ ਵਿਚ ਲੱਗੀ ਹੋਈ ਹੈ। ਹਾਲਾਂਕਿ ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਸੋਨੂੰ ਇਕ ਵਾਰ ਸਰਗਰਮ ਹੋ ਕੇ ਵੱਖ-ਵੱਖ ਵਾਰਦਾਤਾਂ ਕਰਕੇ ਸ਼ਹਿਰ ਤੋਂ ਬਾਹਰ ਨਿਕਲ ਚੁੱਕਾ ਹੈ। ਮੁਲਜ਼ਮ ਕਦੇ ਵੀ ਦੁਬਾਰਾ ਆਪਣੇ ਘਰ ਵੀ ਨਹੀਂ ਆਇਆ। ਉਸਦੇ ਪਰਿਵਾਰ ਨੂੰ ਵੀ ਉਸ ਬਾਰੇ ਪਿਛਲੇ 2 ਸਾਲਾਂ ਤੋਂ ਕੋਈ ਜਾਣਕਾਰੀ ਨਹੀਂ ਹੈ।

ਪਰਿਵਾਰ ਬੇਖਬਰ, ਇਨਾਮ 25 ਹਜ਼ਾਰ
ਪੁਲਸ ਰਿਕਾਰਡ ਅਨੁਸਾਰ ਮੁਲਜ਼ਮ ਸੋਨੂੰ ਦੀਆਂ ਕਰਤੂਤਾਂ ਬਾਰੇ ਪਰਿਵਾਰ ਨੂੰ ਜਾਣਕਾਰੀ ਨਹੀਂ ਸੀ। ਜਦੋਂ ਪਹਿਲੀ ਵਾਰ ਪੁਲਸ ਉਸਦੇ ਘਰ ਪਹੁੰਚੀ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਸੋਨੂੰ ਲਗਭਗ ਦਰਜਨ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਹਾਲਾਂਕਿ ਪਰਿਵਾਰ ਵਾਲਿਆਂ ਨਾਲ ਸੋਨੂੰ ਦੀ ਮੁਲਾਕਾਤ ਵੀ ਦੁਬਾਰਾ ਨਹੀਂ ਹੋਈ ਅਤੇ ਮੁਲਜ਼ਮ ਪੁਲਸ ਅਤੇ ਪਰਿਵਾਰ ਦੇ ਡਰੋਂ ਪਰਤ ਕੇ ਚੰਡੀਗੜ੍ਹ ਆਇਆ ਹੀ ਨਹੀਂ। ਪੁਲਸ ਨੇ ਸੋਨੂੰ ਦੀ ਸੂਚਨਾ ਦੇਣ ਵਾਲੇ ਨੂੰ 25 ਹਜ਼ਾਰ ਰੁਪਏ  ਇਨਾਮ ਦੇਣ ਦਾ ਐਲਾਨ ਕੀਤਾ ਹੈ।

ਇੰਝ ਕਰਦਾ ਸੀ ਵਾਰਦਾਤਾਂ

2013-14 ਵਿਚ ਵੱਖ-ਵੱਖ ਇਲਾਕਿਆਂ ਵਿਚ ਸਨੈਚਿੰਗ ਅਤੇ ਸਾਊਥ ਏਰੀਏ ਦੇ ਬੰਦ 3 ਘਰਾਂ ਵਿਚ ਉਸਨੇ ਚੋਰੀ ਨੂੰ ਅੰਜਾਮ ਦਿੱਤਾ। ਅਣਪਛਾਤੇ ਮੁਲਜ਼ਮ ਬਾਰੇ ਜਾਣਕਾਰੀ ਇਕੱਠੀ ਕਰਨ ਦੌਰਾਨ ਪੁਲਸ ਦੇ ਪਸੀਨੇ ਛੁੱਟ ਗਏ ਸਨ। ਅਚਾਨਕ ਸੈਕਟਰ-35 ਸਥਿਤ ਇਕ ਘਰ ਵਿਚ ਚੋਰੀ ਦੌਰਾਨ ਸੋਨੂੰ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਫੁਟੇਜ ਦੇ ਸਹਾਰੇ  ਪੁਲਸ ਨੇ ਸਾਰੇ ਸ਼ੱਕੀ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ 2 ਮੁਲਜ਼ਮਾਂ ਨੇ ਉਸਦੀ ਪਛਾਣ ਤਾਂ ਕੀਤੀ ਪਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਉਨ੍ਹਾਂ ਕੋਲ ਇਸ ਬਾਰੇ ਨਹੀਂ ਸੀ। ਪੁਲਸ ਦੀ ਜਾਂਚ ਇਸੇ ਪੁਆਇੰਟ ''ਤੇ ਆ ਕੇ ਰੁਕ ਗਈ।


Gurminder Singh

Content Editor

Related News