10ਵੀਂ ''ਚੋਂ ਫੇਲ੍ਹ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ
Monday, Nov 02, 2020 - 07:08 PM (IST)
ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ,ਰਿਣੀ, ਖ਼ੁਰਾਣਾ)-ਜ਼ਿਲ੍ਹੇ ਦੇ ਪਿੰਡ ਚੜ੍ਹੇਵਾਨ ਦੇ 16 ਸਾਲਾ ਨੌਜਵਾਨ ਨੇ ਦਸਵੀਂ 'ਚੋਂ ਫੇਲ੍ਹ ਹੋਣ 'ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਿੰਦਰ ਸਿੰਘ (16) ਦਸਵੀਂ ਜਮਾਤ ਵਿੱਚੋਂ ਫੇਲ੍ਹ ਹੋਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ ਤੇ ਅੱਜ ਸਵੇਰ ਤੋਂ ਘਰੋਂ ਗਾਇਬ ਸੀ। ਜਦੋਂ ਪਰਿਵਾਰ ਵਾਲੇ ਉਸ ਨੂੰ ਲੱਭਦੇ ਹੋਏ ਬਾਅਦ ਦੁਪਹਿਰ ਘਰ ਦੀ ਛੱਤ 'ਤੇ ਗਏ ਤਾਂ ਉਥੇ ਉਹ ਜ਼ਖਮੀ ਹਾਲਤ 'ਚ ਪਿਆ ਮਿਲਿਆ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਪਿੰਡ ਤੋਂ ਬਾਹਰ ਢਾਣੀ ਵਿੱਚ ਰਹਿੰਦੇ ਸਨ। ਪਰਿਵਾਰਿਕ ਮੈਂਬਰ ਜਦ ਹਰਿੰਦਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿੱਚ ਲੈ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਥਾਣਾ ਸਦਰ ਦੇ ਐਸ. ਐਚ. ਓ. ਪ੍ਰੇਮ ਨਾਥ ਨੇ ਦੱਸਿਆ ਕਿ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।