ਲੋਹੜੀ ਵਾਲੇ ਦਿਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Monday, Jan 13, 2020 - 11:49 PM (IST)
ਕਰਤਾਰਪੁਰ,(ਸਾਹਨੀ)- ਥਾਣਾ ਕਰਤਾਰਪੁਰ ਅਧੀਨ ਪਿੰਡ ਧੀਰਪੁਰ ਵਿਖੇ ਲੋਹੜੀ ਵਾਲੇ ਦਿਨ ਸ਼ਾਮ ਨੂੰ 6 ਤੋਂ 7 ਵਜੇ ਦੇ ਵਿਚਕਾਰ ਇਕ ਮਾਮੂਲੀ ਝਗੜੇ ਤੋਂ ਬਾਅਦ ਆਪਸੀ ਤਾਨਾਤਨੀ ਦੇ ਚਲਦਿਆਂ ਧੀਰਪੁਰ ਨਿਵਾਸੀ ਤਿੰਨ ਭਰਾਵਾਂ ਵਲੋਂ ਕਥਿਤ ਤੌਰ 'ਤੇ ਗੋਲੀ ਚਲਾ ਦੇਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਜਗਜੀਤ ਸਿੰਘ (32) ਪੁੱਤਰ ਜਸਵੰਤ ਸਿੰਘ ਵਾਸੀ ਨਵੀਂ ਆਬਾਦੀ ਪਿੰਡ ਹਮੀਰਾ ਦੀ ਆਪਣੇ ਪਿੰਡ ਵਿਚ ਹੀ ਬਿਲਡਿੰਗ ਮੈਟੀਰਿਅਲ ਦੀ ਦੁਕਾਨ ਹੈ ਅਤੇ ਉਸ ਦੇ ਕੋਲ ਪਿੰਡ ਲੱਖਣ ਦੇ ਖੋਲੇ ਨਿਵਾਸੀ ਇਕ ਫੌਜੀ ਸੰਦੀਪ ਸਿੰਘ ਦੇ ਘਰ ਬਣਾਉਣ ਦਾ ਕੰਮ ਚਲਦਾ ਸੀ ਅਤੇ ਸਾਮਾਨ ਜਗਜੀਤ ਸਿੰਘ ਦੀ ਦੁਕਾਨ ਤੋਂ ਜਾਂਦਾ ਸੀ ਅਤੇ ਕੰਮ ਕਰਨ ਵਾਲੀ ਲੇਬਰ ਪਿੰਡ ਧੀਰਪੁਰ ਦੀ ਸੀ।
ਲੋਹੜੀ ਵਾਲੇ ਦਿਨ ਮੀਂਹ ਕਾਰਨ ਸ਼ਾਮ ਸਮੇਂ ਜਗਜੀਤ ਸਿੰਘ ਸੰਦੀਪ ਸਿੰਘ ਤੇ ਹੋਰ ਵਿਅਕਤੀ ਆਪਣੀ ਸਵਿਫਟ ਡਿਜਾਇਰ ਗੱਡੀ 'ਚ ਲੇਬਰ ਨੂੰ ਛੱਡਣ ਪਿੰਡ ਧੀਰਪੁਰ ਗਏ ਅਤੇ ਲੇਬਰ ਨੂੰ ਛੱਡ ਕੇ ਵਾਪਸ ਆਉਣ ਲਗੇ ਤਾਂ ਗੱਡੀ ਮੋੜਦੇ ਸਮੇਂ ਜਗਜੀਤ ਸਿੰਘ ਦੀ ਪਿੰਡ ਦੇ ਤਿੰਨ ਵਿਅਕਤੀਆਂ ਸੀਮਨਜੀਤ ਸਿੰਘ, ਸੁਖਦੇਵ ਸਿੰਘ ਉਰਫ ਸੁੱਖਾ ਅਤੇ ਅਮਨਦੀਪ ਸਿੰਘ ਤਿੰਨੇ ਪੁੱਤਰ ਰੇਸ਼ਮ ਸਿੰਘ ਵਾਸੀ ਧੀਰਪੁਰ ਦੇ ਨਾਲ ਕਥਿਤ ਤੌਰ 'ਤੇ ਹੋਏ ਝਗੜੇ ਤੋਂ ਬਾਅਦ ਤਕਰਾਰ ਵੱਧ ਗਈ। ਜਿਸ ਦੌਰਾਨ ਉਕਤ ਤਿੰਨੋਂ ਭਰਾਵਾਂ 'ਚੋਂ ਕਿਸੇ ਨੇ ਕਥਿਤ ਤੌਰ 'ਤੇ ਗੋਲੀ ਚਲਾ ਦਿੱਤੀ ਜੋ ਕਿ ਜਗਜੀਤ ਸਿੰਘ ਦੇ ਸੀਨੇ ਵਿਚ ਵੱਜੀ। ਜਿਸ ਨੂੰ ਤੁਰੰਤ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਲਿਆਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਡੀ. ਐਸ. ਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ 302 ਆਈ. ਪੀ. ਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਕਥਿਤ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਸ਼ਾਦੀਸ਼ੂਦਾ ਸੀ ਤੇ ਉਸ ਦੀਆਂ ਦੋ ਲੜਕੀਆਂ ਹਨ।