ਰਾਹ 'ਚ ਘੇਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਧਾਹਾਂ ਮਾਰ ਰੋਂਦਿਆਂ ਨਹੀਂ ਵੇਖਿਆ ਜਾਂਦਾ ਪਰਿਵਾਰ
Friday, Jun 16, 2023 - 05:54 PM (IST)
ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਵਿਖੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਜ਼ਿਲ੍ਹੇ ਦੇ ਆਵਾ ਬਸਤੀ ਦਾ ਹੈ, ਜਿੱਥੇ ਮੁਹੱਲੇ ਦੇ ਹੀ ਕੁਝ ਮੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਮੁੰਡੇ ਦੀ ਉਮਰ ਕਰੀਬ 21 ਸਾਲ ਦੀ ਸੀ। ਉਨ੍ਹਾਂ ਦੱਸਿਆ ਕਿ ਉਸਦਾ ਮੁੰਡਾ ਬੀਤੇ ਦਿਨੀਂ ਬਾਬੇ ਦੇ ਮੇਲੇ 'ਤੇ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਸਦੇ ਮੋਟਰਸਾਈਕਲ ਦੀ ਟੱਕਰ ਕਿਸੇ ਵਿਅਕਤੀ ਨਾਲ ਹੋ ਗਈ, ਜਿਸ ਕਾਰਣ ਉਨ੍ਹਾਂ ਦਾ ਲੜਾਈ-ਝਗੜਾ ਹੋ ਗਿਆ।
ਇਹ ਵੀ ਪੜ੍ਹੋ- ਸਾਰੀ ਰਾਤ ਕੂੜਾ ਫਰੋਲਣ ਮਗਰੋਂ ਹੱਥ ਲੱਗਾ ਇਕ ਕਰੋੜ, ਪਲਾਂ 'ਚ ਬਦਲੀ ਮਾਨਸਾ ਦੇ ਇਸ ਸ਼ਖ਼ਸ ਦੀ ਕਿਸਮਤ
ਫਿਰ ਉਕਤ ਵਿਅਕਤੀ ਨੇ ਉਸ ਰਾਤ ਘਰ ਆ ਕੇ ਉਨ੍ਹਾਂ ਦੇ ਘਰ 'ਤੇ ਇੱਟਾਂ-ਰੋੜੇ ਚਲਾਏ। ਫਿਰ ਉਨ੍ਹਾਂ ਸਾਡੇ ਮੁੰਡੇ ਨੂੰ ਇਕੱਲਿਆਂ ਬੁਲਾ ਕੇ, ਚੌਂਕ 'ਚ ਉਸ 'ਤੇ ਕਾਪਿਆਂ ਨਾਲ ਹਮਲਾ ਕਰ ਦਿੱਤਾ ਤੇ ਉਸ ਦੇ ਸਿਰ ਅਤੇ ਛਾਤੀ 'ਤੇ ਵਾਰ ਕੀਤਾ, ਜਿਸ ਕਾਰਣ ਉਸਦੀ ਮੌਤ ਹੋ ਗਈ। ਨੌਜਵਾਨ ਦੇ ਪਿਤਾ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਛੋਟੀ ਜਿਹੀ ਗੱਲ ਪਿੱਛੇ ਅੱਜ ਸਾਡੇ ਮੁੰਡੇ ਦਾ ਕਤਲ ਹੋਇਆ ਤੇ ਕੱਲ੍ਹ ਕਿਸੇ ਹੋਰ ਦੇ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਇਸ ਲਈ ਪੁਲਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਨੌਜਵਾਨ ਦੀ ਮਾਂ ਨੇ ਰੋਂਂਦੀ-ਕੁਰਲਾਉਂਦੀ ਨੇ ਗੱਲ ਕਰਦਿਆਂ ਆਖਿਆ ਕਿ ਮੇਰੇ ਪੁੱਤ ਦਾ ਸ਼ਰੇਆਮ ਚੌਂਕ 'ਚ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਮੁਲਜ਼ਮਾਂ ਕੋਲ ਕਾਪੇ ਤੇ ਪਿਸਟਲ ਵੀ ਸੀ ਅਤੇ ਉਨ੍ਹਾਂ ਨੇ ਵਾਰਦਾਤ ਮੌਕੇ ਗੋਲ਼ੀ ਵੀ ਚਲਾਈ ਸੀ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਨ ਮਗਰੋਂ ਗਿਆਨੀ ਰਘਬੀਰ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਦੇ ਤਿੰਨ ਬੱਚੇ ਹਨ, ਇੱਕ ਕੁੜੀ ਤੇ 2 ਮੁੰਡੇ। ਮ੍ਰਿਤਕ ਨੌਜਵਾਨ ਉਸਦਾ ਛੋਟਾ ਮੁੰਡਾ ਸੀ ਜੋ ਕਿ ਵਿਆਹਿਆ ਹੋਇਆ ਸੀ ਤੇ ਉਸਦਾ ਡੇਢ ਸਾਲ ਦਾ ਮੁੰਡਾ ਵੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਆਪਸੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਵਾਰਦਾਤ ਮੌਕੇ 12-13 ਵਿਅਕਤੀਆਂ ਵੱਲੋਂ ਨੌਜਵਾਨ 'ਤੇ ਕਾਪਿਆਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਣ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਉਸਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ 7 ਵਿਅਕਤੀ ਪਛਾਤੇ ਹਨ ਤੇ ਬਾਕੇ 5 ਅਣਪਛਾਤੇ ਹਨ ਤੇ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।