22 ਮਹੀਨਿਆਂ ਬਾਅਦ ਕੁਵੈਤ ਤੋਂ ਆ ਰਹੇ ਨੌਜਵਾਨ ਦੀ ਹਾਦਸੇ 'ਚ ਮੌਤ

07/02/2019 10:01:54 PM

ਪਠਾਨਕੋਟ (ਆਦਿਤਿਆ)-ਘਰ 'ਚ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ 22 ਮਹੀਨੇ ਪਹਿਲਾਂ ਕੁਵੈਤ 'ਚ ਰੋਜ਼ੀ-ਰੋਟੀ ਲਈ ਗਿਆ ਘਰ ਦਾ ਚਿਰਾਗ ਅਚਾਨਕ ਘਰ ਵਾਲਿਆਂ ਨੂੰ ਸਰਪ੍ਰਾਈਜ਼ ਦੇਣ ਲਈ ਭਾਰਤ ਆ ਰਿਹਾ ਸੀ ਪਰ ਘਰ ਤੱਕ ਪਹੁੰਚ ਪਾਉਣਾ ਨਸੀਬ ਨਹੀਂ ਹੋਇਆ। ਅੰਬਾਲਾ ਨੇੜੇ ਇਕ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ, ਜਦਕਿ ਘਰ 'ਚ ਕਿਸੇ ਨੂੰ ਕੋਈ ਖਬਰ ਹੀ ਨਹੀਂ ਸੀ ਕਿ ਉਹ ਭਾਰਤ ਆ ਚੁੱਕਾ ਹੈ।

ਸੋਸ਼ਲ ਮੀਡੀਆ 'ਤੇ ਇਸ ਹਾਦਸੇ 'ਚ ਮ੍ਰਿਤਕ ਨੌਜਵਾਨ ਦੇ ਕੁਵੈਤ ਦੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਦੇ ਨਾਲ ਕਿਸੇ ਨੇ ਆਪਣੀ ਆਡੀਓ ਭੇਜ ਕੇ ਘਟਨਾ ਸਬੰਧੀ ਜਾਣਕਾਰੀ ਵਾਇਰਲ ਕਰ ਦਿੱਤੀ ਕਿ ਹਾਦਸੇ 'ਚ ਜਿਸ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਹੈ, ਉਹ ਧਾਰ ਬਲਾਕ ਦਾ ਹੈ। ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਫੈਲਣ ਤੋਂ ਬਾਅਦ ਬੀਤੀ ਦੇਰ ਸ਼ਾਮ ਪਠਾਨਕੋਟ ਦੇ ਬਲਾਕ ਧਾਰਕਲਾਂ ਅਧੀਨ ਪਿੰਡ ਨਾਰਾਇਣਪੁਰ ਤੱਕ ਪਹੁੰਚਦੇ ਪੂਰੇ ਖੇਤਰ 'ਚ ਹਾਹਾਕਾਰ ਮਚ ਗਿਆ। ਘਰ ਵਾਲਿਆਂ ਨੂੰ ਇਹ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਨ੍ਹਾਂ ਦੇ ਜਿਗਰ ਦਾ ਟੁਕੜਾ ਉਨ੍ਹਾਂ ਨੂੰ ਬਿਨਾਂ ਦੱਸੇ ਭਾਰਤ ਆਇਆ ਅਤੇ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ।

ਮ੍ਰਿਤਕ ਰੋਹਿਤ ਪਠਾਨੀਆਂ (25) ਪੁੱਤਰ ਮੋਹਨ ਸਿੰਘ ਵਾਸੀ ਨਾਰਾਇਣਪੁਰ ਤਹਿਸੀਲ ਧਾਰਕਲਾਂ ਦੇ ਚਾਚਾ ਸਾਬਕਾ ਸਰਪੰਚ ਰਣਧੀਰ ਸਿੰਘ ਨੇ ਦੱਸਿਆ ਕਿ ਰੋਹਿਤ ਕਰੀਬ 22 ਮਹੀਨੇ ਪਹਿਲਾਂ ਕੁਵੈਤ ਗਿਆ ਸੀ ਅਤੇ ਕਿਸੇ ਕੰਪਨੀ 'ਚ ਕੰਮ ਕਰ ਰਿਹਾ ਸੀ। ਅਜੇ ਉਸ ਨੇ 2 ਮਹੀਨਿਆਂ ਬਾਅਦ ਘਰ ਵਾਪਸ ਆਉਣਾ ਸੀ ਪਰ ਉਹ ਕੰਪਨੀ ਤੋਂ ਛੁੱਟੀ ਲੈ ਕੇ ਇਥੇ ਘਰ 'ਚ ਕਿਸੇ ਨੂੰ ਵੀ ਦੱਸੇ ਬਿਨਾਂ ਭਾਰਤ ਆ ਗਿਆ ਅਤੇ ਦਿੱਲੀ ਏਅਰਪੋਰਟ ਤੋਂ ਟੈਕਸੀ ਦੁਆਰਾ ਘਰ ਆ ਰਿਹਾ ਸੀ ਤਾਂ ਕਿ ਘਰ ਵਾਲਿਆਂ ਨੂੰ ਅਚਾਨਕ ਆ ਕੇ ਹੈਰਾਨ ਕਰ ਦੇਵੇ ਪਰ ਜਦ ਸੋਸ਼ਲ ਮੀਡੀਆ 'ਤੇ ਹਾਦਸੇ ਦੀ ਖਬਰ ਵੇਖੀ ਤਾਂ ਕਿਸੇ ਨੂੰ ਯਕੀਨ ਨਹੀਂ ਹੋਇਆ ਪਰ ਜਦ ਉਹ ਮੌਕੇ 'ਤੇ ਪਹੁੰਚੇ ਤਾਂ ਉਹ ਰੋਹਿਤ ਹੀ ਸੀ। ਘਟਨਾ ਸਥਾਨ 'ਤੇ ਪਤਾ ਲੱਗਾ ਕਿ ਟੈਕਸੀ 'ਚ ਹੋਰ ਵੀ ਲੋਕ ਸਵਾਰ ਸੀ, ਜਿਨ੍ਹਾਂ 'ਚ ਇਕ ਹੋਰ ਗੰਭੀਰ ਹੈ। ਮੋਹਨ ਸਿੰਘ ਦੇ ਲੜਕੇ ਰੋਹਿਤ ਦੀ ਮੌਤ ਤੋਂ ਬਾਅਦ ਘਰ 'ਚ ਛੋਟੀ ਭੈਣ ਰਹਿ ਗਈ ਹੈ। ਅੱਜ ਜਦ ਰੋਹਿਤ ਦੀ ਲਾਸ਼ ਪਿੰਡ 'ਚ ਪਹੁੰਚੀ ਤਾਂ ਪੂਰੇ ਪਿੰਡ 'ਚ ਭਾਰੀ ਦੁੱਖ ਦੀ ਲਹਿਰ ਦੌੜ ਗਈ।


Karan Kumar

Content Editor

Related News