ਕਣਕ ਵੱਢਣ ਗਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪੋਸਟਮਾਰਟਮ ਰਿਪੋਰਟ ਨੇ ਹੈਰਾਨ ਕੀਤਾ ਪਰਿਵਾਰ
Thursday, Apr 27, 2023 - 12:12 PM (IST)
ਅਮਰਗੜ੍ਹ (ਸ਼ੇਰਗਿੱਲ) : ਪਿੰਡ ਚੌਂਦਾ ਵਿਖੇ ਨੌਜਵਾਨ ਹਰਕਰਨ ਸਿੰਘ ਹੈਪੀ (21) ਦੀ ਭੇਤਭਰੇ ਹਾਲਤ ’ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਚਾਚਾ ਪੰਚਾਇਤ ਮੈਂਬਰ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਨੂੰ ਓਂਕਾਰ ਸਿੰਘ ਦੇ ਖੇਤ ’ਚ ਕਣਕ ਦੀ ਵਾਢੀ ਕਰਨ ਲਈ ਰਾਮ ਸਿੰਘ (ਦੋਵੇਂ ਵਾਸੀ ਚੌਂਦਾ) ਦੀ ਕੰਬਾਇਨ ਚੱਲਦੀ ਸੀ। ਓਂਕਾਰ ਸਿੰਘ ਕੋਲ ਆਪਣਾ ਟਰੈਕਟਰ-ਟਰਾਲੀ ਨਾ ਹੋਣ ਕਾਰਨ ਉਸਦੇ ਕਹਿਣ ’ਤੇ ਮੇਰਾ ਭਤੀਜਾ ਆਪਣੇ ਦੋਸਤ ਦਾ ਟਰੈਕਟਰ-ਟਰਾਲੀ ਲੈ ਗਿਆ। ਉਸ ਰਾਤ 11 ਵਜੇ ਦੇ ਕਰੀਬ ਮੈਨੂੰ ਓਂਕਾਰ ਸਿੰਘ ਦਾ ਫੋਨ ਆਇਆ ਕਿ ਹੈਪੀ ਨੂੰ ਦੌਰਾ ਪੈ ਗਿਆ ਹੈ। ਇਸ ਤੋਂ ਬਾਅਦ ਜਦੋਂ ਅਸੀਂ ਉਥੇ ਪਹੁੰਚੇ ਤਾਂ ਰਾਮ ਸਿੰਘ ਬੈਟਰੀ ਫੜੀ ਖੜ੍ਹਾ ਸੀ ਅਤੇ ਉਂਕਾਰ ਸਿੰਘ ਉਸਨੂੰ ਮਧੋਲ ਰਿਹਾ ਸੀ। ਅਸੀਂ ਤੁਰੰਤ ਉਸਨੂੰ ਚੁੱਕ ਕੇ ਪਟਿਆਲਾ ਦੇ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਤੋਂ ਬਾਅਦ ਅਸੀਂ ਪੁਲਸ ਨੂੰ ਸੂਚਿਤ ਕੀਤਾ ਤੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ- ਸਿਆਸਤ ਦਾ ਕੇਂਦਰ ਬਿੰਦੂ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਗੁੜ੍ਹਤੀ 'ਚ ਮਿਲਿਆ ਸੀ ਸੰਘਰਸ਼, ਜਾਣੋ ਜ਼ਿੰਦਗੀ ਦੇ ਅਹਿਮ ਪੜ੍ਹਾਅ
ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਪੁੱਤਰ ਦੀ ਮੌਤ ਹੁਣ ਤੱਕ ਬੁਝਾਰਤ ਬਣੀ ਹੋਈ ਹੈ, ਕਿਉਂਕਿ ਮੌਕੇ ’ਤੇ ਹਾਜ਼ਰ ਜ਼ਮੀਨ ਅਤੇ ਕੰਬਾਇਨ ਮਾਲਕ ਦੋਵਾਂ ਵੱਲੋਂ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸਾਨੂੰ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਵੱਲੋਂ ਸੱਚ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਕਿਉਂਕਿ ਸਾਨੂੰ ਵਟਸਐੱਪ ਰਾਹੀਂ ਪ੍ਰਾਪਤ ਹੋਈ ਪੋਸਟਮਾਰਟਮ ਰਿਪੋਰਟ ਦੇ ਓਪੀਨੀਅਨ ’ਚ ਡਾਕਟਰਾਂ ਵੱਲੋਂ ਉਸਦੀ ਮੌਤ ਦੇ ਕਾਰਨ ’ਚ 90 ਫੀਸਦੀ ਕਰੰਟ ਲੱਗਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਅਸੀਂ ਮਾਣਯੋਗ ਜ਼ਿਲ੍ਹਾ ਪੁਲਸ ਮੁਖੀ ਨੂੰ ਇਸ ਸਬੰਧੀ ਤਫਤੀਸ਼ ਕਰਨ ਦੀ ਅਪੀਲ ਕਰਾਂਗੇ ਤਾਂ ਜੋ ਮੌਤ ਦੇ ਕਾਰਨ ਸਪੱਸ਼ਟ ਹੋ ਸਕਣ। ਜੇਕਰ ਸਾਨੂੰ ਫਿਰ ਵੀ ਇਨਸਾਫ਼ ਨਾ ਮਿਲਿਆ ਤਾਂ ਸਾਨੂੰ ਕੋਈ ਹੋਰ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ।
ਇਹ ਵੀ ਪੜ੍ਹੋ- ਪਰਿਵਾਰ ਦੇ ਜੱਦੀ ਬਾਗ 'ਚ ਹੋਵੇਗਾ ਪ੍ਰਕਾਸ਼ ਸਿੰਘ ਬਾਦਲ ਦਾ ਸਸਕਾਰ, ਖ਼ੁਦ ਕਰਦੇ ਸਨ ਬਾਗ ਦੀ ਦੇਖਭਾਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।