DJ ਦਾ ਪ੍ਰੋਗਰਾਮ ਲਗਾ ਕੇ ਘਰ ਪਰਤ ਰਹੇ ਨੌਜਵਾਨ ਨੂੰ ਟਰੈਕਟਰ ਨੇ ਦਰੜਿਆ, ਹੋਈ ਦਰਦਨਾਕ ਮੌਤ
Wednesday, Jan 25, 2023 - 05:38 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਰਾਤ ਵਿਆਹ 'ਚ ਡੀ. ਜੇ. ਦਾ ਪ੍ਰੋਗਰਾਮ ਲਗਾ ਕੇ ਪਰਤਦੇ ਸਮੇਂ ਸੜਕ ਕਿਨਾਰੇ ਖੜ੍ਹੇ 3 ਨੌਜਵਾਨਾਂ ਨੂੰ ਪਿੰਡ ਚੰਨੋਂ ਨੇੜੇ ਇੱਕ ਟਰੈਕਟਰ-ਟਰਾਲੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਜਦਕਿ 2 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਸਬੰਧੀ ਟਰੈਕਟਰ-ਟਰਾਲੀ ਦੇ ਅਣਪਛਾਤੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਭਰਾਜ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ਕਾਲਾਝਾੜ 'ਤੇ ਆਪਣੀ ਡਿਊਟੀ ਖ਼ਤਮ ਕਰਕੇ ਵਾਪਸ ਘਰ ਨੂੰ ਜਾ ਰਿਹਾ ਸੀ ਤਾਂ ਤੜਕੇ ਢਾਈ ਕੁ ਵਜੇ ਚੰਨੋਂ ਨੇੜੇ ਸਥਿਤ ਟਰਾਂਸਫਾਰਮਰ ਫੈਕਟਰੀ ਨਜ਼ਦੀਕ ਸੜਕ ਕਿਨਾਰੇ ਮੋਟਰਸਾਇਕਲ ਕੋਲ ਖੜੇ 3 ਨੌਜਵਾਨਾਂ ਨੂੰ ਉਸਦੇ ਦੇਖਦੇ-ਦੇਖਦੇ ਇੱਕ ਅਣਪਛਾਤੇ ਟਰੈਕਟਰ-ਟਰਾਲੀ ਦੇ ਚਾਲਕ ਨੇ ਫੇਟ ਮਾਰ ਦਿੱਤੀ।
ਇਹ ਵੀ ਪੜ੍ਹੋ- ਮਾਣ ਵਾਲੀ ਗੱਲ, ਦਿੱਲੀ 'ਚ ਹੋਣ ਵਾਲੀ 26 ਜਨਵਰੀ ਦੀ ਪਰੇਡ 'ਚ ਹਿੱਸਾ ਲਵੇਗਾ ਫਿਰੋਜ਼ਪੁਰ ਦਾ ਜਗਰੂਪ
ਘਟਨਾ ਵਿੱਚ ਉਸਦੇ ਭਰਾ ਜਗਦੀਪ ਸਿੰਘ (22) ਉਰਫ ਬੁੱਧੂ ਪੁੱਤਰ ਰਘਵੀਰ ਸਿੰਘ ਵਾਸੀ ਭਰਾਜ ਦੀ ਮੌਤ ਹੋ ਗਈ ਜਦਕਿ ਉਸਦੇ ਸਾਥੀ ਦਲਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀਆਨ ਪਿੰਡ ਚੰਨੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਲਤ ਗੰਭੀਰ ਹੋਣ ਕਾਰਨ ਜ਼ਖ਼ਮੀਆਂ 'ਚੋਂ ਇੱਕ ਨੂੰ ਪੀ. ਜੀ. ਆਈ. ਚੰਡੀਗੜ੍ਹ ਤੇ ਦੂਜਾ ਨੂੰ ਪਟਿਆਲਾ ਦਾਖ਼ਲ ਕਰਵਾਇਆ ਗਿਆ ਤੇ ਉਹ ਜ਼ੇਰੇ ਇਲਾਜ ਹਨ। ਰਜਿੰਦਰ ਸਿੰਘ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਵਿਆਹ-ਸ਼ਾਦੀਆਂ 'ਚ ਡੀ. ਜੇ ਸਾਊਂਡ ਲਗਾਉਣ ਦਾ ਕੰਮ ਕਰਦੇ ਸਨ ਤੇ ਬੀਤੀ ਰਾਤ ਵੀ ਉਹ ਪ੍ਰੋਗਰਾਮ ਲਗਾ ਕੇ ਘਰਾਂ ਨੂੰ ਵਾਪਸ ਆ ਰਹੇ ਸਨ। ਉਥੇ ਹੀ ਪੁਲਸ ਨੇ ਘਟਨਾ ਸਬੰਧੀ ਅਣਪਛਾਤੇ ਟਰੈਕਟਰ-ਟਰਾਲੀ ਦੇ ਨਾ-ਮਾਲੂਮ ਚਾਲਕ ਵਿਰੁੱਧ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਗਣਤੰਤਰ ਦਿਵਸ ਮੌਕੇ ਸੰਗਰੂਰ ਦੀ ਅਮਨਦੀਪ ਹੋਵੇਗੀ ਸਨਮਾਨਿਤ, ਸੜਦੀ ਸਕੂਲ ਵੈਨ 'ਚੋਂ ਬਚਾਏ ਸੀ 8 ਬੱਚੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।