ਟਰੈਵਲ ਏਜੰਟ ਕਾਰਨ ਉੱਜੜਿਆ ਪਰਿਵਾਰ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਖੋਲ੍ਹੇ ਵੱਡੇ ਰਾਜ਼

Sunday, Nov 26, 2023 - 06:53 PM (IST)

ਟਰੈਵਲ ਏਜੰਟ ਕਾਰਨ ਉੱਜੜਿਆ ਪਰਿਵਾਰ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਖੋਲ੍ਹੇ ਵੱਡੇ ਰਾਜ਼

ਜਲੰਧਰ (ਮਹੇਸ਼)- ਸਦਰ ਥਾਣਾ ਦੀ ਪੁਲਸ ਚੌਂਕੀ ਫਤਿਹਪੁਰ ਅਧੀਨ ਪੈਂਦੇ ਪਿੰਡ ਪ੍ਰਤਾਪਪੁਰਾ ’ਚ ਫਾਈਨਾਂਸ ਰਿਕਵਰੀ ਦਾ ਕੰਮ ਕਰਦੇ ਨੌਜਵਾਨ ਨੇ ਟਰੈਵਲ ਏਜੰਟ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਸਾਗਰ ਥਾਪਰ ਪੁੱਤਰ ਸਰਬਜੀਤ ਥਾਪਰ ਵਜੋਂ ਹੋਈ ਹੈ। ਸਾਗਰ ਦੀ ਪਤਨੀ ਮੀਨਾਕਸ਼ੀ ਨੇ ਮਾਮਲੇ ਦੀ ਜਾਂਚ ਕਰ ਰਹੇ ਫਤਿਹਪੁਰ ਪੁਲਸ ਚੌਂਕੀ ਦੇ ਏ. ਐੱਸ. ਆਈ. ਕਸ਼ਮੀਰ ਸਿੰਘ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਇਕ ਵੀਡੀਓ ਵੀ ਬਣਾਈ ਸੀ, ਜਿਸ ’ਚ ਉਸ ਨੇ ਟ੍ਰੈਵਲ ਏਜੰਟ ਸਤਨਾਮ ਸਿੰਘ ਬੱਗਾ ਪੁੱਤਰ ਹੰਸ ਰਾਜ ਘੋਗੀ ਵਾਸੀ ਪਿੰਡ ਉੱਗੀ ਨੂੰ ਉਸ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ।

ਮੀਨਾਕਸ਼ੀ ਨੇ ਕਿਹਾ ਉਸ ਦੇ ਪਤੀ ਸਾਗਰ ਨੇ ਆਪਣਾ ਪਾਸਪੋਰਟ ਅਤੇ 35 ਲੱਖ ਰੁਪਏ ਏਜੰਟ ਸਤਨਾਮ ਸਿੰਘ ਬੱਗਾ ਨੂੰ ਅਮਰੀਕਾ ਜਾਣ ਲਈ ਦਿੱਤੇ ਸਨ, ਜਿਸ ’ਚੋਂ ਉਸ ਨੇ ਘਰੋਂ 20 ਤੋਂ 22 ਲੱਖ ਰੁਪਏ ਦਿੱਤੇ ਸਨ ਅਤੇ ਬਾਕੀ ਪੈਸੇ ਇਧਰੋਂ-ਉਧਰੋਂ ਮੰਗ ਕੇ ਇਕੱਠੇ ਕੀਤੇ ਸਨ। ਬੱਗਾ ਨੇ ਜਦ ਪੈਸੇ ਲੈਣ ਦੇ ਬਾਵਜੂਦ ਉਸ ਦੇ ਪਤੀ ਨੂੰ ਵਿਦੇਸ਼ ਨਹੀਂ ਭੇਜਿਆ ਤਾਂ ਉਹ ਆਪਣੇ ਪਤੀ ਸਾਗਰ ਨੂੰ ਨਾਲ ਲੈ ਕੇ ਕਈ ਵਾਰ ਸਤਨਾਮ ਸਿੰਘ ਬੱਗਾ ਦੇ ਘਰ ਗਈ ਅਤੇ ਉਸ ਨੂੰ ਕਿਹਾ ਕਿ ਉਹ ਸਾਗਰ ਨੂੰ ਵਿਦੇਸ਼ ਭੇਜ ਦੇਵੇ ਜਾਂ ਦਿੱਤੇ ਪੈਸੇ ਵਾਪਸ ਕਰ ਦੇਵੇ। ਬੱਗਾ ਅਤੇ ਉਸ ਦੀ ਪਤਨੀ ਨੇ ਹਮੇਸ਼ਾ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦੇਣਾ, ਉਹ ਜੋ ਚਾਹੁਣ ਕਰ ਸਕਦੇ ਹਨ, ਜਿਸ ਤੋਂ ਬਾਅਦ ਉਸ ਦਾ ਪਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ।

ਇਹ ਵੀ ਪੜ੍ਹੋ : ਦੁੱਖ਼ਭਰੀ ਖ਼ਬਰ: 4 ਮਹੀਨੇ ਤੇ 6 ਸਾਲ ਦੀ ਬੱਚੀ ਸਣੇ ਮਾਂ ਨੇ ਨਹਿਰ 'ਚ ਮਾਰੀ ਛਾਲ, ਦੋਹਾਂ ਬੱਚੀਆਂ ਦੀ ਮੌਤ

ਇਸ ਦੌਰਾਨ ਉਸ ਨੇ ਇਕ ਵੀਡੀਓ ਕਲਿੱਪ ਬਣਾਈ, ਜਿਸ ’ਚ ਉਸ ਨੇ ਕਿਹਾ ਕਿ ਸਤਨਾਮ ਸਿੰਘ ਬੱਗਾ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਉਸ ਨੇ ਉਸ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ 22 ਨਵੰਬਰ ਨੂੰ ਸਵੇਰੇ 11 ਵਜੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਉਸ ਨੂੰ ਇਨੋਸੈਂਟ ਹਾਰਟ ਹਸਪਤਾਲ ਖਾਂਬਰਾ ’ਚ ਦਾਖ਼ਲ ਕਰਵਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ 23 ਨਵੰਬਰ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ 24 ਨਵੰਬਰ ਨੂੰ ਉਸ ਦੀ ਮੌਤ ਹੋ ਗਈ।

ਮੀਨਾਕਸ਼ੀ ਨੇ ਵੀ ਆਪਣੇ ਪਤੀ ਦੀ ਮੌਤ ਲਈ ਸਤਨਾਮ ਸਿੰਘ ਬੱਗਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਥਾਣਾ ਸਦਰ ਜਮਸ਼ੇਰ ਦੇ ਮੁਖੀ ਇੰਸ. ਭਰਤ ਮਸੀਹ ਲੱਧੜ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਸਾਗਰ ਦੀ ਬਣੀ ਵੀਡੀਓ ਕਲਿੱਪ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਉਸ ਦੀ ਪਤਨੀ ਮੀਨਾਕਸ਼ੀ ਦੇ ਬਿਆਨਾਂ ਦੇ ਆਧਾਰ ’ਤੇ ਟਰੈਵਲ ਏਜੰਟ ਸਤਨਾਮ ਸਿੰਘ ਬੱਗਾ ਖ਼ਿਲਾਫ਼ ਥਾਣਾ ਸਦਰ ’ਚ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਸਾਗਰ ਥਾਪਰ ਦਾ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ : 'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਮਿਲਣਗੀਆਂ ਇਹ ਖ਼ਾਸ ਸਹੂਲਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News