ਨਹਿਰ ''ਚ ਨਹਾਉਣ ਗਿਆ ਨੌਜਵਾਨ ਡੁੱਬਾ

07/20/2017 6:42:37 AM

ਕਾਠਗੜ੍ਹ,   (ਭੂੰਬਲਾ)-   ਖੇਤਰ 'ਚੋਂ ਲੰਘਦੀ ਨਹਿਰ ਬਿਸਤ ਦੁਆਬ 'ਚ ਪਿੰਡ ਟੌਂਸਾ ਦਾ ਨੌਜਵਾਨ ਨਹਾਉਂਦਾ ਹੋਇਆ ਡੁੱਬ ਗਿਆ। 
ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਪੁੱਤਰ ਨਸੀਬ ਚੰਦ ਵਾਸੀ ਪਿੰਡ ਟੌਂਸਾ ਆਪਣੇ ਦੋ ਹੋਰ ਸਾਥੀਆਂ ਨਾਲ ਅੱਜ ਬਾਅਦ ਦੁਪਹਿਰ ਨਹਾਉਣ ਲਈ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਸਾਥੀ ਨੌਜਵਾਨਾਂ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਛਾਲ ਮਾਰੀ ਤਾਂ ਅਚਾਨਕ ਤੇਜ਼ ਵਹਾਅ ਦੀ ਲਪੇਟ ਵਿਚ ਆ ਗਿਆ। ਉਨ੍ਹਾਂ ਵੱਲੋਂ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਉਨ੍ਹਾਂ ਦੀ ਪੇਸ਼ ਨਾ ਚੱਲੀ। ਸੂਚਨਾ ਮਿਲਣ 'ਤੇ ਚੌਕੀ ਆਸਰੋਂ ਤੋਂ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਆਮ ਲੋਕਾਂ ਦੀ ਮਦਦ ਨਾਲ ਡੁੱਬੇ ਨੌਜਵਾਨ ਦੀ ਭਾਲ ਕਰਨ ਲੱਗੀ। ਡੁੱਬੇ ਨੌਜਵਾਨ ਦਾ ਪਤਾ ਲਾਉਣ ਲਈ ਗੋਤਾਖੋਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਵਿਆਹੁਤਾ ਹੈ ਅਤੇ ਉਸ ਦਾ ਇਕ ਛੋਟਾ ਬੱਚਾ ਵੀ ਹੈ। ਆਮ ਲੋਕਾਂ ਵਿਚ ਇਹ ਚਰਚਾ ਹੈ ਕਿ ਜਦੋਂ ਤੋਂ ਇਸ ਨਹਿਰ ਨੂੰ ਪੱਕਾ ਕੀਤਾ ਗਿਆ ਹੈ, ਉਸ ਤੋਂ ਬਾਅਦ ਨਹਾਉਂਦੇ ਸਮੇਂ ਵਿਅਕਤੀਆਂ ਅਤੇ ਪਸ਼ੂਆਂ ਦੇ ਡੁੱਬਣ ਦੀ ਗਿਣਤੀ 'ਚ ਵਾਧਾ ਹੋਇਆ ਹੈ।


Related News