ਨਜਾਇਜ਼ ਅਸਲੇ ਅਤੇ ਹੈਰੋਇਨ ਸਮੇਤ ਤਿੰਨ ਨੌਜਵਾਨ ਗ੍ਰਿਫਤਾਰ
Wednesday, Jun 27, 2018 - 06:55 PM (IST)
ਗੋਇੰਦਵਾਲ ਸਾਹਿਬ (ਪੰਛੀ) : ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਸ ਵੱਲੋ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਕੋਲੋਂ ਨਜਾਇਜ਼ ਅਸਲਾ ਅਤੇ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ. ਸਤਪਾਲ ਸਿੰਘ ਅਤੇ ਐੱਸ.ਐੱਚ.ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਫਤਿਆਬਾਦ ਚੌਂਕੀ ਦੀ ਪੁਲਸ ਵੱਲੋਂ ਫਤਿਆਬਾਦ ਚੋਹਲਾ ਸਾਹਿਬ ਟੀ ਪੁਆਇੰਟ ਤੇ ਚੌਂਕੀ ਇੰਚਾਰਜ ਲਖਵਿੰਦਰ ਸਿੰਘ ਅਤੇ ਏ.ਐਸ.ਆਈ. ਮਨਮੋਹਨ ਸਿੰਘ ਵੱਲੋ ਪੁਲਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਚੋਹਲਾ ਸਾਹਿਬ ਰੋਡ ਨੂੰ ਮੁੜ ਰਹੇ ਸਨ। ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਕਤ ਮੋਟਰਸਾਈਕਲ ਸਵਾਰਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਕਰਮਚਾਰੀਆਂ ਨੇ ਮੁਸ਼ਤੈਦੀ ਵਰਤਦਿਆਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੀ ਇਤਲਾਹ ਡੀ.ਐਸ.ਪੀ. ਸਤਪਾਲ ਸਿੰਘ ਨੂੰ ਦਿੱਤੀ ਗਈ ਤਾਂ ਡੀ.ਐਸ.ਪੀ. ਸਤਪਾਲ ਸਿੰਘ ਦੀ ਹਾਜ਼ਰੀ ਵਿਚ ਕਾਬੂ ਕੀਤੇ ਤਿੰਨਾਂ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਇਕ ਬਾਰਾਂ ਬੋਰ ਦੀ ਬੰਦੂਕ ਦੋ ਜ਼ਿੰਦਾ ਕਾਰਤੂਸ ਇਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਰੌਂਦ ਦੇ ਨਾਲ 105 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਐੱਸ.ਐੱਚ.ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਬੱਬੂ ਪੁੱਤਰ ਕੁਲਦੀਪ ਸਿੰਘ ਵਾਸੀ ਲੱਲਾ ਸੋਹੀਆ ਥਾਣਾ ਹਰਗੋਬਿੰਦਪੁਰ ਦੂਸਰੇ ਮੁਲਜ਼ਮ ਦੀ ਪਛਾਣ ਗੁਰਪਾਲ ਸਿੰਘ ਗੋਪੀ ਪੁੱਤਰ ਗੁਰਦੀਪ ਸਿੰਘ ਵਾਸੀ ਲੱਧਾਮੁੰਡਾ ਥਾਣਾ ਘੁੰਮਣ ਅਤੇ ਤੀਸਰਾ ਮੁਲਜ਼ਮ ਹਰਦੀਪ ਸਿੰਘ ਮੋਟਾ ਪੁੱਤਰ ਤੇਜ ਪ੍ਰਤਾਪ ਸਿੰਘ ਵਾਸੀ ਉਦੋਨੰਗਲ ਥਾਣਾ ਮਹਿਤਾ ਵਜੋਂ ਹੋਈ ਹੈ। ਡੀ.ਐਸ.ਪੀ. ਸਤਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਤਿੰਨੇ ਮੁਲਜ਼ਮ ਨਸ਼ਿਆਂ ਦਾ ਧੰਦਾ ਕਰਦੇ ਸਨ ਅਤੇ ਦਹਿਸ਼ਤ ਬਨਾਉਣ ਲਈ ਨਜਾਇਜ਼ ਹਥਿਆਰ ਰੱਖਦੇ ਸਨ ਜਿਨ੍ਹਾਂ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਐਨ.ਡੀ.ਪੀ.ਐਸ. ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
