ਜਿਗਰੀ ਯਾਰ ਹੀ ਨਿਕਲੇ ਨੌਜਵਾਨ ਦੇ ਕਾਤਲ, ਵਜ੍ਹਾ ਕਰ ਦੇਵੇਗੀ ਹੈਰਾਨ
Wednesday, Nov 18, 2020 - 10:28 PM (IST)
 
            
            ਮਾਛੀਵਾੜਾ ਸਾਹਿਬ (ਟੱਕਰ) : ਲੰਘੀਂ 9 ਨਵੰਬਰ ਨੂੰ ਪਿੰਡ ਚਕਲੀ ਕਾਸਬ ਨੇੜੇ ਸਤਲੁਜ ਦਰਿਆ 'ਚ ਬਰਾਮਦ ਹੋਈ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਸਨੀ ਵਾਸੀ ਰਾਮਪੁਰ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਿਸ 'ਚ ਪੁਰਾਣੇ ਹੀ ਦੋਸਤ ਨੇ ਰੰਜਿਸ਼ ਕਾਰਣ ਉਸਦਾ ਕਤਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਛੀਵਾੜਾ ਵਿਖੇ ਤਾਇਨਾਤ ਸਬ-ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ਼ ਸੰਨੀ ਪਿੰਡ ਰਾਮਪੁਰ ਵਿਖੇ ਹੀ ਕੁਲਦੀਪ ਸਿੰਘ ਉਰਫ਼ ਸ਼ੰਮਾ ਦੀ ਐਲੂਮੀਨੀਅਮ ਵਾਲੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਦੋਵਾਂ ਵਿਚ ਚੰਗੀ ਦੋਸਤੀ ਸੀ ਪਰ ਕੁਝ ਮਹੀਨੇ ਪਹਿਲਾਂ ਇਨ੍ਹਾਂ ਦੀ ਆਪਸੀ ਤਕਰਾਰਬਾਜ਼ੀ ਹੋ ਗਈ ਜਿਸ ਕਾਰਣ ਉਹ ਉਸਦੀ ਦੁਕਾਨ ਤੋਂ ਹਟ ਗਿਆ। ਕੁਲਦੀਪ ਸਿੰਘ ਉਰਫ਼ ਸ਼ੰਮਾ ਦੀ ਕੁਝ ਮਹੀਨੇ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕਰ ਦਿੱਤੀ ਅਤੇ ਉਸ ਨੂੰ ਸ਼ੱਕ ਸੀ ਕਿ ਮਨਪ੍ਰੀਤ ਸਿੰਘ ਉਰਫ਼ ਸੰਨੀ ਨੇ ਉਸਦੀ ਕੁੱਟਮਾਰ ਕਰਵਾਈ ਜਿਸ ਕਾਰਣ ਉਹ ਮਨ 'ਚ ਰੰਜਿਸ਼ ਰੱਖਣ ਲੱਗ ਪਿਆ ਸੀ ਕਿ ਸਮਾਂ ਆਉਣ 'ਤੇ ਉਸ ਨੂੰ ਸਬਕ ਜ਼ਰੂਰ ਸਿਖਾਵੇਗਾ।
ਇਹ ਵੀ ਪੜ੍ਹੋ : ਪੁਲਸ ਨੇ ਪ੍ਰੋਡੈਕਸ਼ਨ ਵਾਰੰਟ 'ਤੇ ਲਏ ਰਵੀ ਬਲਾਚੌਰੀਆ ਤੇ ਅਰੁਣ ਛੁਰੀਮਾਰ, ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਅਨੁਸਾਰ ਲੰਘੀਂ 9 ਨਵੰਬਰ ਨੂੰ ਮਨਪ੍ਰੀਤ ਇਕੱਲਾ ਹੀ ਮਾਛੀਵਾੜਾ ਤੋਂ ਪਿੰਡ ਰਾਮਪੁਰ ਵੱਲ ਜਾ ਰਿਹਾ ਸੀ ਕਿ ਉੱਥੋਂ ਕਾਰ 'ਚ ਲੰਘ ਰਹੇ ਕੁਲਦੀਪ ਸਿੰਘ ਸ਼ੰਮਾ ਨੇ ਦੇਖਿਆ ਕਿ ਅੱਜ ਮੌਕਾ ਹੈ ਕਿ ਇਸ ਨੂੰ ਸਬਕ ਸਿਖਾਇਆ ਜਾਵੇ। ਕੁਲਦੀਪ ਸਿੰਘ ਨੇ ਆਪਣੇ 2 ਹੋਰ ਸਾਥੀਆਂ ਗੁਰਵਿੰਦਰ ਸਿੰਘ ਉਰਫ਼ ਬਾਵਾ ਵਾਸੀ ਰਾਮਗੜ੍ਹ ਤੇ ਮਨਪ੍ਰੀਤ ਸਿੰਘ ਉਰਫ਼ ਪਵਨੀ ਵਾਸੀ ਮੋਹਣ ਮਾਜਰਾ ਨੂੰ ਬੁਲਾਇਆ ਜਿਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਵਿਸਵਾਸ਼ 'ਚ ਲੈ ਕੇ ਆਪਣੀ ਕਾਰ 'ਚ ਬਿਠਾ ਲਿਆ ਅਤੇ ਉਸ ਤੋਂ ਬਾਅਦ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ।
ਇਹ ਵੀ ਪੜ੍ਹੋ : ਮੋਗਾ ਸੈਕਸ ਸਕੈਂਡਲ 'ਚ ਵੱਡਾ ਖੁਲਾਸਾ, ਗੈਂਗਸਟਰ ਸੁੱਖ ਭਿਖਾਰੀਵਾਲ ਤੇ ਹੈਰੀ ਚੱਠਾ ਦਾ ਨਾਂ ਆਇਆ ਸਾਹਮਣੇ
ਸ਼ਰਾਬ ਪਿਲਾ ਕੇ ਕਾਰ 'ਚ ਹੀ ਤਾਰ ਨਾਲ ਗਲਾ ਘੁੱਟ ਕੇ ਮਾਰਿਆ
ਸਬ-ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ਼ ਸੰਨੀ ਨੂੰ ਉਕਤ ਤਿੰਨਾਂ ਕਥਿਤ ਮੁਲਜ਼ਮਾਂ ਨੇ ਜਦੋਂ ਕਾਰ 'ਚ ਬਿਠਾ ਲਿਆ ਅਤੇ ਉਸ ਤੋਂ ਬਾਅਦ ਸਭ ਨੇ ਰਲ ਕੇ ਸ਼ਰਾਬ ਪੀਤੀ। ਉਨ੍ਹਾਂ ਮਨਪ੍ਰੀਤ ਸਿੰਘ ਨੂੰ ਜ਼ਿਆਦਾ ਸ਼ਰਾਬ ਪਿਲਾ ਦਿੱਤੀ ਅਤੇ ਉਸ ਤੋਂ ਬਾਅਦ ਕਾਰ 'ਚ ਬੈਠਣ ਤੋਂ ਬਾਅਦ ਰਾਮਪੁਰ ਵਾਪਸ ਜਾਣ ਲੱਗੇ ਤਾਂ ਮੁੱਖ ਮੁਲਜ਼ਮ ਕੁਲਦੀਪ ਸਿੰਘ ਉਰਫ਼ ਸ਼ੰਮਾ ਨੇ ਤਾਰ ਨਾਲ ਕਾਰ 'ਚ ਬੈਠੇ ਹੀ ਮਨਪ੍ਰੀਤ ਸਿੰਘ ਦਾ ਗਲਾ ਘੁੱਟ ਦਿੱਤਾ ਜਦਕਿ ਬਾਕੀ ਦੋਵਾਂ ਸਾਥੀਆਂ ਨੇ ਉਸ ਨੂੰ ਫੜ੍ਹ ਕੇ ਰੱਖਿਆ। ਮਨਪ੍ਰੀਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਹ ਨੇੜ੍ਹੇ ਹੀ ਵਗਦੇ ਸਤਲੁਜ ਦਰਿਆ ਕੋਲ ਗਏ, ਜਿੱਥੇ ਉਸਦੀ ਲਾਸ਼ ਪਾਣੀ 'ਚ ਸੁੱਟ ਦਿੱਤੀ ਪਰ ਉਸ ਥਾਂ 'ਤੇ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਉਹ ਨਾ ਡੁੱਬੀ ਤੇ ਬਾਅਦ 'ਚ ਉੱਥੋਂ ਲੰਘ ਰਹੇ ਲੋਕਾਂ ਦੀ ਸੂਚਨਾ 'ਤੇ ਪੁਲਸ ਨੇ ਲਾਸ਼ ਬਰਾਮਦ ਕਰ ਲਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਵਿਧਵਾ ਨੇ ਲਗਾਏ ਬਲਾਤਕਾਰ ਦੇ ਦੋਸ਼
ਸਬ-ਇੰਸਪੈਕਟਰ ਅਨੁਸਾਰ ਮਨਪ੍ਰੀਤ ਸਿੰਘ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਮਾਛੀਵਾੜਾ ਪੁਲਸ ਪਾਰਟੀ ਨੇ ਸੀਨੀਅਰ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਪੂਰੀ ਤਨਦੇਹੀ ਨਾਲ ਕੰਮ ਕੀਤਾ ਅਤੇ ਇਹ ਮਾਮਲਾ ਸੁਲਝਾ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਕਤਲ ਮਾਮਲੇ 'ਚ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ ਅਤੇ ਕਥਿਤ ਦੋਸ਼ੀਆਂ ਦਾ ਰਿਮਾਂਡ ਲੈਣ ਉਪਰੰਤ ਗਲਾ ਘੋਟਣ ਵਾਲੀ ਤਾਰ ਤੋਂ ਇਲਾਵਾ ਹੋਰ ਵੀ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ : ਮਾਮੇ ਨੇ ਖੋਲ੍ਹੀ ਸਕੀ ਭਾਣਜੀ ਦੀ ਕਰਤੂਤ, ਪਤੀ ਨਾਲ ਮਿਲ ਕੇ ਉਹ ਕੀਤਾ ਜੋ ਸੋਚਿਆ ਨਾ ਸੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            