ਨਹਿਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਦੱਸਿਆ ਕਤਲ

Tuesday, Oct 08, 2019 - 12:24 PM (IST)

ਨਹਿਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਦੱਸਿਆ ਕਤਲ

ਤਰਨਤਾਰਨ (ਰਮਨ) - ਖਡੂਰ ਸਾਹਿਬ ਰੋਡ 'ਤੇ ਸਥਿਤ ਭੁੱਲਰ ਨਹਿਰ 'ਚੋਂ ਬੀਤੇ ਦਿਨੀਂ ਇਕ ਨੌਜਵਾਨ ਦੀ ਭੇਤਭਰੀ ਹਾਲਤ 'ਚ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਹੋਣ ਸਬੰਧੀ ਦੋਸ਼ ਲਾਉਂਦੇ ਹੋਏ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਐੱਸ. ਐੱਸ. ਪੀ. ਦਫਤਰ ਪੇਸ਼ ਹੋ ਕੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਨਰਿੰਦਰ ਕੌਰ ਨਿਵਾਸੀ ਪਿੰਡ ਕੰਗ ਹਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ 2 ਬੇਟੇ ਤੇ 1 ਬੇਟੀ ਹੈ, ਜਿਨ੍ਹਾਂ 'ਚੋਂ 1 ਬੇਟਾ ਵਿਦੇਸ਼ ਰਹਿੰਦਾ ਹੈ ਅਤੇ ਛੋਟਾ ਕੁਆਰਾ ਬੇਟਾ ਜਗਰੂਪ ਸਿੰਘ (25) ਪੁੱਤਰ ਜੋਗਿੰਦਰ ਸਿੰਘ ਏ. ਸੀ. ਰਿਪੇਅਰ ਕਰਨ ਦਾ ਕਾਰੋਬਾਰ ਕਰਦਾ ਹੈ। 3 ਅਕਤੂਬਰ ਨੂੰ ਉਹ ਆਪਣੇ ਦੋਸਤ ਗੁਰਦੇਵ ਸਿੰਘ ਨਾਲ ਘਰੋਂ ਕੰਮ 'ਤੇ ਚਲਾ ਗਿਆ ਅਤੇ ਸ਼ਾਮ ਕਰੀਬ 5 ਵਜੇ ਉਸ ਦਾ ਫੋਨ ਆਇਆ ਕੀ ਉਹ ਠੀਕ ਠਾਕ ਹੈ ਅਤੇ ਮੀਂਹ ਰੁਕਦੇ ਸਾਰ ਘਰ ਆਵੇਗਾ।

PunjabKesari

ਨਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 9 ਵਜੇ ਫੋਨ ਆਇਆ ਕਿ ਉਸ ਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਲਾਸ਼ ਭੁੱਲਰ ਨਹਿਰ 'ਚ ਪਈ ਹੈ। ਲਾਸ਼ ਨੂੰ ਦੇਖਣ ਤੋਂ ਬਾਅਦ ਮ੍ਰਿਤਕ ਦੀ ਮਾਤਾ, ਭੈਣ ਸਰਬਜੀਤ ਕੌਰ, ਮਾਮਾ ਸੂਬਾ ਸਿੰਘ, ਸਰਬਜੀਤ ਸਿੰਘ ਸਾਭਾ, ਗੁਰਦੇਵ ਸਿੰਘ, ਨਿਸ਼ਾਨ ਸਿੰਘ ਚਚੇਰੇ ਭਰਾ ਨੇ ਦੱਸਿਆ ਕਿ ਜਗਰੂਪ ਸਿੰਘ ਦੇ ਸਿਰ 'ਚ ਕਿਸੇ ਹਥਿਆਰ ਨਾਲ ਵਾਰ ਕੀਤੇ ਗਏ ਹਨ, ਜਿਸ ਕਾਰਨ ਸੱਟ ਲੱਗਣ ਨਾਲ ਉਸ ਦੀ ਮੌਤ ਹੋਈ। ਉਨ੍ਹਾਂ ਦੱਸਿਆ ਕਿ ਜੇਕਰ ਜਗਰੂਪ ਦਾ ਐਕਸੀਡੈਂਟ ਹੋਇਆ ਹੈ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਉਸ ਦੇ ਦੋਸਤ ਨੂੰ ਕੁਝ ਕਿਉਂ ਨਹੀਂ ਹੋਇਆ। ਉਸ ਦੇ ਜ਼ਖਮ ਦਾ ਇਕ ਵੀ ਨਿਸ਼ਾਨ ਨਹੀਂ। ਉਨ੍ਹਾਂ ਕਿਹਾ ਕਿ ਜਗਰੂਪ ਸਿੰਘ ਦਾ ਮੋਬਾਇਲ ਵੀ ਘਟਨਾ ਵਾਲੇ ਸਥਾਨ ਤੋਂ ਗਾਇਬ ਸੀ। ਉਨ੍ਹਾਂ ਐੱਸ. ਐੱਸ. ਪੀ. ਧਰੁਵ ਦਹੀਆ ਨੂੰ ਲਿਖਤੀ ਦਰਖਾਸਤ ਦਿੰਦੇ ਹੋਏ ਮੰਗ ਕੀਤੀ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇ ਅਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।


author

rajwinder kaur

Content Editor

Related News