ਵੱਡੇ ਭਰਾ ਨੇ ਨਸ਼ੇ ਕਾਰਣ ਕੀਤੀ ਸੀ ਖ਼ੁਦਕੁਸ਼ੀ, ਹੁਣ ਛੋਟੇ ਦੀ ਚਿੱਟੇ ਨੇ ਲੈ ਲਈ ਜਾਨ

04/30/2022 2:32:50 PM

ਮਲੋਟ (ਜੁਨੇਜਾ) : ਮਲੋਟ ਵਿਖੇ ਨਸ਼ੇ ਨਾਲ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨਸ਼ੇ ਕਾਰਨ ਇਸ ਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਇਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਭਰਤੀ ਕਰਾਇਆ ਗਿਆ, ਜਿਥੇ ਸ਼ੁੱਕਰਵਾਰ ਨੂੰ ਉਸਦੀ ਮੌਤ ਹੋ ਗਈ। ਇਸ ਮਾਮਲੇ ਦਾ ਦੁਖਦਈ ਪਹਿਲੂ ਇਹ ਹੈ ਕਿ ਸਾਲ ਪਹਿਲਾਂ ਨਸ਼ੇ ਦੀ ਲੱਤ ਦਾ ਸ਼ਿਕਾਰ ਮ੍ਰਿਤਕ ਦਾ ਭਰਾ ਵੀ ਆਤਮਹੱਤਿਆ ਕਰ ਗਿਆ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਾਰਡ ਨੰਬਰ 8 ਬਾਬਾ ਦੀਪ ਸਿੰਘ ਨਗਰ ਵਿਖੇ ਇਕ ਨੌਜਵਾਨ ਦੀ ਨਸ਼ੇ ਦਾ ਸੇਵਨ ਕਰਨ ਨਾਲ ਮੌਤ ਹੋਈ ਸੀ। ਮਲੋਟ ਸਿਵਲ ਹਸਪਤਾਲ ਵਿਚ ਮ੍ਰਿਤਕ ਦਾ ਪੋਸਟ ਮਾਰਟਮ ਕਰਾਉਣ ਲਈ ਆਏ ਵਾਰਡ ਨੰਬਰ 26 ਵਾਸੀ ਰਿਕਸ਼ਾ ਚਾਲਕ ਸ਼ਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਦਾ 28 ਸਾਲ ਦਾ ਲੜਕਾ ਕਰਮਜੀਤ ਚਿੱਟੇ ਦੇ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਗਿਆ, ਜਿਸ ਕਰਕੇ ਇਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਾਇਆ ਜਿਥੋਂ ਕੁਝ ਦਿਨ ਪਹਿਲਾਂ ਇਹ ਆਇਆ ਸੀ। ਹੁਣ ਫਿਰ ਦੋ ਦਿਨ ਪਹਿਲਾਂ ਨਸ਼ੇ ਦਾ ਸੇਵਨ ਕਰਕੇ ਇਸ ਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਦਸ਼ਮੇਸ਼ ਮੈਡੀਕਲ ਕਾਲਜ ਫਰੀਦਕੋਟ ਲਿਜਾਇਆ ਗਿਆ ਜਿਥੇ ਇਹ ਦਮ ਤੋੜ ਗਿਆ।

ਇਹ ਵੀ ਪੜ੍ਹੋ : ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਨੇ ਕਮਾਇਆ ਧਰੋਹ, ਖੁਦ ਦੋਸਤ ਅੱਗੇ ਪਰੋਸ ਦਿੱਤੀ ਪਤਨੀ

ਇਸ ਮੌਕੇ ਮ੍ਰਿਤਕ ਦੇ ਮਾਮਾ ਹਰਬੰਸ ਸਿੰਘ ਨੇ ਦੱਸਿਆ ਕਿ ਸਾਲ ਪਹਿਲਾਂ ਮ੍ਰਿਤਕ ਦਾ ਵੱਡਾ ਭਰਾ ਰਵੀ ਨਸ਼ੇ ਕਾਰਨ ਆਤਮਹੱਤਿਆ ਕਰ ਗਿਆ ਸੀ ਜਿਸ ਦੀ ਵਿਧਵਾ ਦੋ ਬੱਚਿਆਂ ਨੂੰ ਪਾਲਣ ਲਈ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜਣ ਲਈ ਮਜਬੂਰ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਕੈਪਟਨ ਪਰਮਜੀਤ ਸਿੰਘ ਨੇ ਮੰਗ ਕੀਤੀ ਕਿ ਚਿੱਟੇ ਦੇ ਨਸ਼ੇ ਦੀ ਵੱਡੇ ਪੱਧਰ ’ਤੇ ਹੋ ਰਹੀ ਵਿੱਕਰੀ ਕਾਰਣ ਲੜਕਿਆਂ ਦੇ ਨਾਲ ਮੁਹੱਲੇ ਦੀਆਂ ਨੌਜਵਾਨ ਲੜਕੀਆਂ ਵੀ ਚਿੱਟੇ ਦੇ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਿੱਟੇ ਦੀ ਵਿੱਕਰੀ ’ਤੇ ਰੋਕ ਲਾਈ ਜਾਵੇ। ਉਧਰ ਮਾਮਲੇ ਦੀ ਜਾਂਚ ਕਰ ਰਹੇ ਐੱਚ. ਸੀ. ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ 174 ਦੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਦੇ ਵਾਰਸਾਂ ਨੇ ਉਨ੍ਹਾਂ ਨੂੰ ਲਿਖਾਏ ਬਿਆਨਾਂ ਵਿਚ ਦੱਸਿਆ ਕਿ ਲੜਕੇ ਨੂੰ ਨਸ਼ੇ ਦੀ ਤੋੜ ਕਰਕੇ ਦੌਰਾ ਪਿਆ ਜਿਸ ਕਰਕੇ ਹਾਲਤ ਵਿਗੜ ਗਈ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਤਾਰ-ਤਾਰ ਕੀਤਾ ਪਵਿੱਤਰ ਰਿਸ਼ਤਾ, ਨਾਬਾਲਗ ਧੀ ਨਾਲ ਟੱਪਦਾ ਰਿਹਾ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News