ਚੰਗੀ ਖਬਰ, ਫਰੀਦਕੋਟ ਦੇ 40 ਨੌਜਵਾਨਾਂ ਨੇ ਚਿੱਟੇ ਨੂੰ ਦਿੱਤੀ ਮਾਤ

07/06/2018 12:46:47 PM

ਫਰੀਦਕੋਟ (ਜਗਤਾਰ) : ਪਿਛਲੇ ਕਈ ਦਿਨਾਂ ਤੋਂ ਚਿੱਟੇ ਨਾਲ ਹੋ ਰਹੀਆਂ ਮੌਤਾਂ ਨਾਲ ਪੰਜਾਬ ਭਰ 'ਚ ਮਾਤਮ ਛਾਇਆ ਹੋਇਆ ਹੈ। ਇਨ੍ਹਾਂ ਸਾਰੀਆਂ ਖਬਰਾਂ ਵਿਚਾਲੇ ਫਰੀਦਕੋਟ ਤੋਂ ਇਕ ਚੰਗੀ ਖਬਰ ਆਈ ਹੈ, ਜਿਥੇ 40 ਨੌਜਵਾਨਾਂ ਨੇ ਚਿੱਟੇ ਤੋਂ ਤੌਬਾ ਕਰ ਦਿੱਤੀ ਹੈ। ਦਰਅਸਲ, ਇਹ ਕਮਾਲ ਕੀਤਾ ਕੁਝ ਦਿਨ ਪਹਿਲਾਂ ਕੋਟਕਪੂਰਾ ਤੋਂ ਵਾਇਰਲ ਹੋਈ ਉਸ ਵੀਡੀਓ ਨੇ ਜਿਸ 'ਚ ਨਸ਼ੇ ਕਾਰਨ ਕੂੜੇ ਦੇ ਢੇਰ 'ਚ ਮਰੇ ਪਏ ਇਕ ਨੌਜਵਾਨ ਦੀ ਲਾਸ਼ ਕੋਲ ਉਸ ਮਾਂ ਵਿਰਲਾਪ ਕਰ ਰਹੀ ਸੀ। ਇਸ ਵੀਡੀਓ ਨੇ ਨੌਜਵਾਨਾਂ ਦੇ ਮਨ ਨੂੰ ਅਜਿਹਾ ਝੰਜੋੜਿਆ ਕਿ ਉਨ੍ਹਾਂ ਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਅਤੇ ਇਸ ਕੰਮ ਲਈ ਉਹ ਸਮਾਜਸੇਵੀ ਸੁਖਦੀਪ ਦੇ ਸੰਪਰਕ 'ਚ ਆਏ। ਪਹਿਲਾਂ 2 ਨੌਜਵਾਨ ਨਸ਼ਾ ਛੱਡਣ ਲਈ ਅੱਗੇ ਆਏ ਅਤੇ ਫਿਰ ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਵੱਧ ਕੇ 40 ਹੋ ਗਈ। 
ਉਧਰ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਨਸ਼ੇ ਦੀ ਦਲਦਲ 'ਚੋਂ ਬਾਹਰ ਆਏ ਨੌਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੁਣ ਨੌਜਵਾਨਾਂ ਦੀਆਂ ਕਮੇਟੀਆਂ ਬਣਾ ਕੇ ਨਸ਼ੇ ਖਿਲਾਫ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। 5 ਦਰਿਆਵਾਂ ਦੀ ਧਰਤੀ ਪੰਜਾਬ 'ਚ ਹੁਣ ਛੇਵਾਂ ਦਰਿਆ ਨਸ਼ੇ ਦਾ ਵੱਗ ਰਿਹਾ ਹੈ, ਅਜਿਹੇ 'ਚ ਖੁਦ ਉਨ੍ਹਾਂ ਨੌਜਵਾਨਾਂ ਦਾ ਨਸ਼ੇ 'ਚੋਂ ਬਾਹਰ ਆਉਣਾ ਪੰਜਾਬ ਲਈ ਇਕ ਨਵੀਂ ਉਮੀਦ ਬਣ ਕੇ ਉਭਰਿਆ ਹੈ।


Related News