ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Friday, Sep 21, 2018 - 04:42 PM (IST)

ਮਮਦੋਟ (ਸ਼ਰਮਾ, ਜਸਵੰਤ) : ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਗੁਰਦੁਆਰਾ ਪ੍ਰਗਟ ਸਾਹਿਬ ਨਜ਼ਦੀਕ ਬਣੀ ਮਾਰਕੀਟ ਵਿਖੇ ਡਾਇਨਮੋ, ਸੈਲਫ ਅਤੇ ਬੈਟਰੀਆਂ ਦਾ ਕੰਮ ਕਰਨ ਵਾਲੇ ਨੌਜਵਾਨ ਮਕੈਨਿਕ ਦੀ ਦੁਕਾਨ ਉੱਪਰੋਂ ਲੰਘਦੀ ਹਾਈ ਵੋਲਟੇਜ ਤਾਰ ਨਾਲ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਲਾਲ ਵਾਲਾ ਜ਼ਿਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਬਲਦੇਵ ਸਿੰਘ (30) ਪੁੱਤਰ ਪਾਲਾ ਸਿੰਘ ਜੋ ਕਿ ਗੁਰਦੁਆਰਾ ਪ੍ਰਗਟ ਸਾਹਿਬ ਦੇ ਨੇੜੇ ਬਣੀ ਮਾਰਕੀਟ 'ਚ ਮਕੈਨਿਕ ਸੀ ਅਤੇ ਉਸ ਨੇ ਆਪਣੀ ਦੁਕਾਨ ਦਾ ਕੁਝ ਦਿਨ ਪਹਿਲਾਂ ਹੀ ਮਹੂਰਤ ਕੀਤਾ ਸੀ।
ਦੱਸਿਆ ਜਾਂਦਾ ਹੈ ਕਿ ਬਲਦੇਵ ਸਿੰਘ ਬੀਤੇ ਦਿਨੀਂ ਦੁਪਹਿਰ ਨੂੰ ਦੁਕਾਨ ਦੀ ਛੱਤ ਉੱਪਰ ਚੜ੍ਹ ਕੇ ਦੁਕਾਨ ਦੇ ਅੱਗੇ ਫਲੈਕਸ ਬੋਰਡ ਲਗਾ ਰਿਹਾ ਸੀ ਤਾਂ ਦੁਕਾਨ ਉੱਪਰੋਂ ਲੰਘਦੀ ਹਾਈ ਵੋਲਟੇਜ ਤਾਰ ਨੂੰ ਬੋਰਡ ਛੂਹ ਜਾਣ ਕਰ ਕੇ ਉਸ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ ਤੇ ਉਹ ਹੇਠਾਂ ਆ ਡਿੱਗਿਆ। ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਉਸ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ, ਜਿਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।