ਸਾਲ 2018 'ਚ ਦੇਸ਼ ਤੋਂ ਮਰ ਮਿਟੇ ਇਹ 'ਫੌਜੀ ਜਵਾਨ'

12/31/2018 1:46:46 PM

ਜਲੰਧਰ - ਪੰਜਾਬ ਦੀ ਧਰਤੀ ਸੂਰਬੀਰ ਯੋਧਿਆ ਦੀ ਧਰਤੀ ਹੈ ਅਤੇ ਇਸ ਧਰਤੀ ਦੇ ਯੋਧਿਆ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰ ਕੇ ਆਵਾਮ ਦੀ ਰੱਖਿਆ ਕੀਤੀ ਹੈ। ਇਹ ਸਿਲਸਿਲਾ ਲਗਾਤਾਰ ਇਸੇ ਤਰ੍ਹਾਂ ਚੱਲਦਾ ਆ ਰਿਹਾ ਹੈ। ਇਸੇ ਤਰ੍ਹਾਂ ਸਾਲ 2018 ਜਿੱਥੇ ਕੌੜੀਆਂ ਮਿੱਠੀਆਂ ਯਾਦਾਂ ਛੱਡ ਕੇ ਅਲਵਿਦਾ ਸਾਨੂੰ ਅਲਵਿਦਾ ਆਖ ਰਿਹਾ ਹੈ, ਉਥੇ ਹੀ ਇਸ ਸਾਲ ਦਰਮਿਆਨ ਪੰਜਾਬ ਦੇ ਕਈ ਜਵਾਨ ਦੇਸ਼ ਦੀ ਖਾਤਰ ਜਾਨਾਂ ਵਾਰ ਗਏ। ਅੱਜ ਤੁਹਾਨੂੰ ਅਸੀਂ ਉਨ੍ਹਾਂ ਯੋਧਿਆ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਸਾਲ 2018 'ਚ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ।

1. ਸ਼ਹੀਦ ਜਵਾਨ ਜਗਸੀਰ ਸਿੰਘ
ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ 19 ਪੰਜਾਬ ਰੈਜੀਮੈਂਟ ਦੇ ਸ਼ਹੀਦ ਜਵਾਨ ਜਗਸੀਰ ਸਿੰਘ ਦੇਸ਼ ਦੇ ਲੇਖੇ ਆਪਣੀ ਜਾਨ ਲਾਉਣ ਵਾਲੇ ਪਹਿਲੇ ਸ਼ਹੀਦ ਸਨ, ਜੋ ਜਨਵਰੀ ਮਹੀਨੇ 'ਚ ਜੰਮੂ-ਕਸ਼ਮੀਰ ਦੇ ਜ਼ਿਲਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨੀ ਫੌਜ ਦੇ ਹਮਲੇ 'ਚ ਸ਼ਹੀਦ ਹੋ ਗਏ ਸਨ। ਸ਼ਹੀਦ ਜਗਸੀਰ ਸਿੰਘ 2004 'ਚ ਫੌਜ ਭਰਤੀ ਹੋਇਆ ਸੀ ਅਤੇ ਬਚਪਨ ਤੋਂ ਹੀ ਉਸ ਦੇ ਅੰਦਰ ਦੇਸ਼ ਪ੍ਰਤੀ ਮਰ-ਮਿਟਣ ਦਾ ਜਨੂੰਨ ਸੀ। ਉਹ ਆਪਣੇ ਮਾਤਾ-ਪਿਤਾ, ਭਰਾ ਜਸਬੀਰ ਸਿੰਘ ਪਤਨੀ ਅਤੇ ਪੁੱਤਰ ਨੂੰ ਪਿੱਛੇ ਛੱਡ ਕੇ ਚਲਾ ਗਿਆ ਹੈ। ਸ਼ਹੀਦ ਜਗਸੀਰ ਸਿੰਘ ਪੁੱਤਰ ਅਮਰਜੀਤ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਲੋਹਗੜ੍ਹ ਠਾਕਰਾ ਜ਼ਿਲਾ ਫ਼ਿਰੋਜ਼ਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। 

PunjabKesari

2. ਸ਼ਹੀਦ ਮਨਦੀਪ ਸਿੰਘ
ਜ਼ਿਲਾ ਸੰਗਰੂਰ ਦੇ ਪਿੰਡ ਆਲਮਪੁਲ ਦਾ ਸ਼ਹੀਦ ਮਨਦੀਪ ਸਿੰਘ ਜਨਵਰੀ 'ਚ ਪੁੰਛ ਸੈਕਟਰ ਦੀ ਕ੍ਰਿਸ਼ਨਾ ਘਾਟੀ 'ਚ ਪਾਕਿ ਵਲੋਂ ਕੀਤੀ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ। ਸ਼ਹੀਦ ਮਨਦੀਪ ਦੀ ਮ੍ਰਿਤਕ ਦੇਹ ਕੌਮੀ ਝੰਡੇ 'ਚ ਲਪੇਟ 'ਚ ਉਸ ਦੇ ਜੱਦੀ ਪਿੰਡ ਆਲਮਪੁਰ ਲਿਆਂਦੀ ਗਈ, ਜਿੱਥੇ ਪ੍ਰਸ਼ਾਸਨ ਵਲੋਂ ਉਸ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਪਿੰਡ ਆਲਮਪੁਰ ਦੇ ਵਸਨੀਕ ਗੁਰਨਾਮ ਸਿੰਘ ਦਾ ਕਰੀਬ 23 ਵਰ੍ਹਿਆਂ ਦਾ ਸਪੁੱਤਰ ਸ਼ਹੀਦ ਮਨਦੀਪ ਸਿੰਘ ਆਪਣੇ ਭਰਾ ਅਤੇ ਭੈਣ ਤੋਂ ਵੱਡਾ ਸੀ ਅਤੇ ਉਹ ਪਿਛਲੇ ਢਾਈ ਸਾਲਾਂ ਤੋਂ ਭਾਰਤੀ ਫੌਜ ਦੀ ਬਟਾਲੀਅਨ 22 ਸਿੱਖ ਰੈਜੀਮੈਂਟ 'ਚ ਤਾਇਨਾਤ ਸੀ। 

PunjabKesari
 
3. ਸ਼ਹੀਦ ਅਰਵਿੰਦਰ ਕੁਮਾਰ
ਅਪ੍ਰੈਲ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਦੌਰਾਨ ਜੰਮੂ-ਕਸ਼ਮੀਰ ਦੇ ਜ਼ਿਲਾ ਸ਼ੋਪੀਆ ਵਿਖੇ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਗੋਲੀ ਲੱਗ ਜਾਣ ਕਾਰਨ ਪਿੰਡ ਸਰਿਆਣਾ ਨਿਵਾਸੀ ਗਨਰ ਅਰਵਿੰਦਰ ਕੁਮਾਰ ਸ਼ਹੀਦ ਹੋ ਗਿਆ ਸੀ। ਸ਼ਹੀਦ ਅਰਵਿੰਦਰ ਭਾਰਤੀ ਫੌਜ 'ਚ 15 ਮੀਡੀਅਮ ਰੈਜ਼ੀਮੈਂਟ 'ਚ 26 ਜੂਨ 2012 ਨੂੰ ਭਰਤੀ ਹੋਇਆ ਸੀ ਅਤੇ ਹੁਣ 34-ਆਰ.ਆਰ. ਯੂਨਿਟ 'ਚ ਗਨਰ/ਸਿਪਾਹੀ ਵਜੋਂ ਡਿਊਟੀ ਨਿਭਾਅ ਰਿਹਾ ਸੀ। ਉਸ ਦਾ ਛੋਟਾ ਭਰਾ ਵੀ ਭਾਰਤੀ ਫ਼ੌਜ 'ਚ ਤਾਇਨਾਤ ਹੈ। ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਸਰਿਆਣਾ ਵਿਖੇ ਸ਼ਹੀਦ ਅਰਵਿੰਦਰ ਕੁਮਾਰ ਦਾ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। 

PunjabKesari
 

4. ਸ਼ਹੀਦ ਫੌਜੀ ਸੁਖਵਿੰਦਰ ਸਿੰਘ
ਜੂਨ ਮਹੀਨੇ 'ਚ ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਅੱਤਵਾਦੀਆਂ ਵਲੋਂ ਫੌਜ ਦੇ ਗਸ਼ਤੀ ਦਲ 'ਤੇ ਘਾਤ ਲਗਾ ਕੇ ਕੀਤੇ ਹਮਲੇ 'ਚ ਹਾਕਮ ਸਿੰਘ ਵਾਲਾ ਦਾ ਫੌਜੀ ਜਵਾਨ ਸੁਖਵਿੰਦਰ ਸਿੰਘ (26) ਸ਼ਹੀਦ ਹੋ ਗਿਆ ਸੀ। ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਿਤ ਸੁਖਵਿੰਦਰ ਸਿੰਘ ਕਰੀਬ 5 ਸਾਲ ਪਹਿਲਾਂ ਭਾਰਤੀ ਥਲ ਸੈਨਾ 'ਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਤਾਇਨਾਤ ਸੀ। ਉਹ ਅਜੇ ਕੁਆਰਾ ਸੀ। ਸੁਖਵਿੰਦਰ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਦੋ ਛੋਟੇ ਭਰਾਵਾਂ ਨੂੰ ਛੱਡ ਗਿਆ ਹੈ। ਸ਼ਹੀਦ ਸੁਖਵਿੰਦਰ ਸਿੰਘ ਦਾ ਉਸ ਦੇ ਜੱਦੀ ਪਿੰਡ ਹਾਕਮ ਸਿੰਘ ਵਾਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਇਸ ਮੌਕੇ ਫੌਜ ਦੀ ਟੁਕੜੀ ਵਲੋਂ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ ਗਈ। ਸ਼ਹੀਦ ਫੌਜੀ ਦੇ ਪਿਤਾ ਨਾਇਬ ਸਿੰਘ ਨੇ ਆਪਣੇ ਪੁੱਤਰ ਦੀ ਕੁਰਬਾਨੀ ਨੂੰ ਮਾਣ ਵਾਲੀ ਗੱਲ ਦੱਸਿਆ।

PunjabKesari
 

5. ਸ਼ਹੀਦ ਸੰਦੀਪ ਸਿੰਘ
ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਦਾ ਰਹਿਣ ਵਾਲਾ ਫੌਜੀ ਜਵਾਨ ਲਾਂਸ ਨਾਇਕ ਸੰਦੀਪ ਸਿੰਘ ਸਤੰਬਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਜੰਮੂ ਕਸ਼ਮੀਰ ਦੇ ਜ਼ਿਲਾ ਕੁਪਵਾੜਾ ਦੇ ਤੰਗਧਾਰ ਖੇਤਰ 'ਚ ਤਿੰਨ ਅੱਤਵਾਦੀਆਂ ਨੂੰ ਢੇਰ ਕਰਨ ਮਗਰੋਂ ਸ਼ਹੀਦ ਹੋ ਗਿਆ ਸੀ। ਸ਼ਹੀਦ ਦੇ ਪਰਿਵਾਰ ਦਾ ਕਹਿਣਾ ਹੈ ਕਿ ਚਾਹੇ ਉਨ੍ਹਾਂ ਦੇ ਪੁੱਤ ਦੇ ਜਾਣ ਨਾਲ ਉਨ੍ਹਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਉਹ ਉਸ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦੇ ਹਨ।ਸ਼ਹੀਦ ਸੰਦੀਪ 2007 'ਚ ਫੌਜ 'ਚ ਭਰਤੀ ਹੋਇਆ ਸੀ। ਆਪਣੀ ਦਲੇਰੀ ਤੇ ਕਾਬਲੀਅਤ ਕਰਕੇ ਹੁਣ ਉਹ ਯੂਨਿਟ 4 ਪੈਰਾ ਸਪੈਸ਼ਲ ਫੋਰਸ 'ਚ ਤਾਇਨਾਤ ਸੀ। ਸ਼ਹੀਦ ਦੀ ਮਾਤਾ ਕੁਲਵਿੰਦਰ ਕੌਰ ਨੇ ਆਪਣੇ ਸ਼ਹੀਦ ਪੁੱਤਰ ਦੀ ਅਰਥੀ ਨੂੰ ਮੋਢਾ ਦਿੰਦਿਆਂ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸੁਨੇਹਾ ਦਿੱਤਾ ਕਿ ਭਾਰਤ ਦੀਆਂ ਮਾਵਾਂ ਦੇ ਮੋਢਿਆਂ 'ਚ ਇੰਨੀ ਤਾਕਤ ਹੈ ਕਿ ਉਹ ਆਪਣੇ ਪੁੱਤਰ ਨੂੰ ਮੋਢਾ ਦੇ ਕੇ ਸ਼ਮਸ਼ਾਨ ਤੱਕ ਲਿਜਾ ਸਕਦੀਆਂ ਹਨ। ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਮ ਅੱਖਾਂ ਨਾਲ ਕਿਹਾ ਕਿ ਮੇਰੇ ਪਤੀ ਬਹਾਦਰ ਫ਼ੌਜੀ ਸਨ ਉਨ੍ਹਾਂ ਨੇ ਸੀਨੇ 'ਤੇ ਗੋਲੀ ਖਾ ਕੇ ਸ਼ਹਾਦਤ ਦਾ ਜਾਮ ਪੀਤਾ ਹੈ। ਮੈਂ ਆਪਣੇ ਪੁੱਤਰ ਨੂੰ ਵੀ ਫ਼ੌਜ 'ਚ ਭੇਜਾਂਗੀ। ਸ਼ਹੀਦ ਨੂੰ ਜ਼ਿਲਾ ਗੁਰਦਾਸਪੁਰ ਨੇੜੇ ਉਸ ਦੇ ਜੱਦੀ ਪਿੰਡ ਕੋਟਲਾ ਖੁਰਦ ਦੇ ਸ਼ਮਸ਼ਾਨਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਪਿਤਾ ਜਗਦੇਵ ਸਿੰਘ, ਮਾਤਾ ਕੁਲਵਿੰਦਰ ਕੌਰ, ਪਤਨੀ ਗੁਰਪ੍ਰੀਤ ਕੌਰ ਅਤੇ ਚਾਰ ਸਾਲ ਦੇ ਪੁੱਤਰ ਨੂੰ ਪਿੱਛੇ ਛੱਡ ਗਿਆ।


PunjabKesari

6. ਸ਼ਹੀਦ ਜਵਾਨ ਹੈਪੀ ਸਿੰਘ
ਸਤੰਬਰ ਮਹੀਨੇ 'ਚ 19 ਰਾਸ਼ਟਰੀ ਰਾਈਫਲਜ਼ ਪਿੰਡ ਰਾਮਨਗਰ ਦਾ ਫੌਜੀ ਜਵਾਨ ਹੈਪੀ ਸਿੰਘ (26), ਸ੍ਰੀਨਗਰ ਦੇ ਅਨੰਤਨਾਗ ਜ਼ਿਲੇ 'ਚ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਸੀ। ਸ਼ਹੀਦ ਹੈਪੀ 2012 'ਚ ਭਾਰਤੀ ਫੌਜ 'ਚ ਭਰਤੀ ਹੋਇਆ ਸੀ ਅਤੇ ਉਸ ਅਜੇ ਵਿਆਹ ਵੀ ਨਹੀਂ ਸੀ ਹੋਇਆ। ਉਸ ਦਾ ਇਕ ਭਰਾ ਫੌਜ 'ਚ ਅਤੇ ਦੂਜਾ ਆਪਣਾ ਕੰਮਕਾਰ ਕਰ ਰਿਹਾ ਹੈ। ਸ਼ਹੀਦ ਹੈਪੀ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਰਾਮਨਗਰ ਵਿਖੇ ਫੌਜ ਦੀ ਜਵਾਨ ਟੁੱਕੜੀ ਵਲੋਂ ਸਲਾਮੀ ਦੇਣ ਉਪਰੰਤ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।


PunjabKesari

7. ਸ਼ਹੀਦ ਜਵਾਨ ਸਿਮਰਦੀਪ ਸਿੰਘ
ਬੀ.ਐੱਸ.ਐੱਫ. ਦਾ ਜਵਾਨ ਸ਼ਹੀਦ ਸਿਮਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਸਮੇਸ਼ ਨਗਰ ਬਟਾਲਾ ਅਕਤੂਬਰ 'ਚ ਮਿਜ਼ੋਰਮ ਵਿਖੇ ਭਾਰਤੀ ਮਿਆਂਮਾਰ ਸਰਹੱਦ 'ਤੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਹੋਇਆ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ। ਉਹ ਬੀ.ਐੱਸ.ਐੱਫ. ਐੱਮ.ਈ. (ਅਸਮ) ਮਿਜ਼ੋਰਮ 'ਚ ਬ੍ਰਹਮਾ ਬਾਰਡਰ 'ਤੇ ਤਾਇਨਾਤ ਸੀ ਅਤੇ ਉਸ ਦੇ ਘਰ 'ਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸ਼ਹੀਦ ਸਿਮਰਦੀਪ ਸਿੰਘ ਦਾ ਅੰਤਿਮ ਸੰਸਕਾਰ ਬਟਾਲਾ ਵਿਖੇ ਕੁਤਬੀਨੰਗਲ ਸ਼ਮਸ਼ਾਨਘਾਟ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।

PunjabKesari

8. ਸ਼ਹੀਦ ਜਵਾਨ ਸੁਖਚੈਨ ਸਿੰਘ
ਦਸੰਬਰ ਮਹੀਨੇ 'ਚ ਫਾਜ਼ਿਲਕਾ ਜ਼ਿਲੇ ਦੇ ਪਿੰਡ ਇਸਲਾਮ ਵਾਲਾ ਦਾ ਰਹਿਣ ਵਾਲਾ ਫ਼ੌਜੀ ਜਵਾਨ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਗੋਲੀਆਂ ਲੱਗ ਜਾਣ ਕਾਰਨ ਸ਼ਹੀਦ ਹੋ ਗਿਆ ਸੀ। 29 ਸਾਲਾ ਸੁਖਚੈਨ ਸਿੰਘ 11 ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ ਅਤੇ 19 ਸਿੱਖ ਰੈਜਿਮੈਂਟ 'ਚ ਬਤੌਰ ਲਾਂਸ ਨਾਇਕ ਤਾਇਨਾਤ ਸੀ। ਸ਼ਹੀਦ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਇਸਲਾਮਾਬਾਦ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸੁਖਚੈਨ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।

PunjabKesari

ਦੇਸ਼ ਲਈ ਕੁਰਬਾਨ ਹੋਣ ਵਾਲੀਆਂ ਇਨ੍ਹਾਂ ਸ਼ਹਾਦਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ।


rajwinder kaur

Content Editor

Related News