ਹਾਈਕੋਰਟ ਵਲੋਂ ਭਾਜਪਾ ਆਗੂ ਯਾਦਵਿੰਦਰ ਬੁੱਟਰ ਬਾਇੱਜ਼ਤ ਬਰੀ
Saturday, Oct 19, 2019 - 02:29 PM (IST)
ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਰਕਿੰਗ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਬੁੱਟਰ ਨੂੰ ਇਕ ਜ਼ਮੀਨ ਦੇ ਸੌਦੇ 'ਚ ਪੈਸਿਆਂ ਦੇ ਲੈਣ-ਦੇਣ ਨਾਲ ਸਬੰਧਿਤ ਮੁਕੱਦਮੇ 'ਚੋਂ ਬਾਇੱਜ਼ਤ ਬਰੀ ਕੀਤਾ ਹੈ। ਬੁੱਟਰ ਨੇ ਦੱਸਿਆ ਕਿ ਸਾਲ 2011 ਦੌਰਾਨ ਮਲੋਟ ਨਾਲ ਸਬੰਧਤ ਕੁਝ ਵਿਅਕਤੀਆਂ ਨੇ ਉਨ੍ਹਾਂ ਖਿਲਾਫ ਅਤੇ ਮੁਹਾਲੀ ਨਾਲ ਸਬੰਧਤ 3 ਹੋਰ ਵਿਅਕਤੀਆਂ ਵਿਰੁੱਧ ਇਕ ਜ਼ਮੀਨ ਦੇ ਸੌਦੇ ਨਾਲ ਸਬੰਧਤ ਪੈਸਿਆਂ ਦੇ ਲੈਣ-ਦੇਣ ਦੌਰਾਨ ਧੋਖਾਦੇਹੀ ਦੇ ਦੋਸ਼ ਲਗਾ ਕੇ ਮੋਹਾਲੀ ਥਾਣੇ 'ਚ ਧਾਰਾ 406 ਅਤੇ 420 ਅਧੀਨ ਮਾਮਲਾ ਦਰਜ ਕਰਵਾਇਆ ਸੀ।
ਇਸ ਪਰਚੇ 'ਚ ਮੁਹਾਲੀ ਦੀ ਹੇਠਲੀ ਅਦਾਲਤ ਨੇ ਬੁੱਟਰ ਨੂੰ 420 ਧਾਰਾ ਤੋਂ ਤਾਂ ਬਰੀ ਕਰ ਦਿੱਤਾ ਸੀ ਪਰ ਧਾਰਾ 406 'ਚ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਜਿਸ ਨੂੰ ਬੁੱਟਰ ਨੇ ਮੋਹਾਲੀ ਦੀ ਸੈਸ਼ਨ ਕੋਰਟ 'ਚ ਚੁਣੌਤੀ ਦਿੱਤੀ, ਪਰ ਉਥੇ ਵੀ ਇਹ ਸਜ਼ਾ ਬਹਾਲ ਰਹੀ। ਉਪਰੰਤ ਬੁੱਟਰ ਦੀ ਇਸ ਕੇਸ 'ਚ ਮੋਹਾਲੀ ਵਿਖੇ ਗ੍ਰਿਫਤਾਰੀ ਵੀ ਹੋ ਗਈ ਅਤੇ ਉਨ੍ਹਾਂ ਨੂੰ ਕੁਝ ਸਮਾਂ ਰੋਪੜ ਦੀ ਜੇਲ ਵਿਚ ਰਹਿਣਾ ਪਿਆ। ਹੁਣ ਹਾਈਕੋਰਟ 'ਚ ਪੇਸ਼ ਕੀਤੇ ਸਬੂਤਾਂ ਅਤੇ ਤੱਥਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਨੇ ਯਾਦਵਿੰਦਰ ਸਿੰਘ ਬੁੱਟਰ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰਦੇ ਹੋਏ ਬਾਇੱਜ਼ਤ ਬਰੀ ਕਰ ਦਿੱਤਾ ਹੈ। ਬੁੱਟਰ ਨੇ ਕਿਹਾ ਕਿ ਇਸ ਮਾਮਲੇ ਵਿਚ ਆਖਰ ਕਾਨੂੰਨ ਅਤੇ ਸੱਚਾਈ ਦੀ ਜਿੱਤ ਹੋਈ ਹੈ। ਹੁਣ ਉਹ ਉਨ੍ਹਾਂ ਸਾਰੇ ਵਿਅਕਤੀਆਂ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਨਗੇ।