ਗਲਤ ਸਾਈਡ ਖੜ੍ਹੇ ਵਾਹਨਾਂ ਨੂੰ ਹੀ ਚੁੱਕ ਲਓ, ਲੋਕ ਖੁਦ ਸੁਧਰ ਜਾਣਗੇ
Tuesday, Mar 12, 2019 - 03:15 PM (IST)

ਚੰਡੀਗੜ੍ਹ (ਹਾਂਡਾ) : ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਟ੍ਰੈਫਿਕ ਅਤੇ ਡੀ. ਸੀ. ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਗਲਤ ਸਾਈਡ ਪਾਰਕ ਕੀਤੇ ਵਾਹਨਾਂ ਨੂੰ ਚੁੱਕ ਲਓ ਜੇਕਰ ਪੁਲਸ ਇਸ ਸਿਸਟਮ ਨੂੰ ਜਾਰੀ ਰੱਖਦੀ ਹੈ ਤਾਂ ਲੋਕ ਖੁਦ ਹੀ ਸੁਧਰ ਜਾਣਗੇ। ਕੋਰਟ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਕੋਰਟ ਮਿੱਤਰ ਐਡਵੋਕੇਟ ਰੀਟਾ ਕੋਹਲੀ ਨੇ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਪੁਲਸ ਨੂੰ 72 ਗਲਤ ਸਾਈਡ ਪਾਰਕ ਕੀਤੇ ਵਾਹਨਾਂ ਦੀਆਂ ਤਸਵੀਰਾਂ ਭੇਜੀਆਂ ਸਨ ਪਰ ਸਿਰਫ 17 ਚਲਾਨ ਹੀ ਪੁਲਸ ਨੇ ਕੱਟੇ ਅਤੇ ਵਾਹਨ ਟੋਅ ਨਹੀਂ ਕੀਤੇ।
...ਇੰਤਜ਼ਾਰ ਨਾ ਕਰੇ ਪੁਲਸ
ਕੋਰਟ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਸੜਕਾਂ 'ਤੇ ਪਾਰਕ ਕੀਤੇ ਵਾਹਨਾਂ ਨੂੰ ਚੁੱਕਣ ਲਈ ਕਿਸੇ ਤਰ੍ਹਾਂ ਦੀ ਨਵੀਂ ਪਾਲਿਸੀ ਦਾ ਇੰਤਜ਼ਾਰ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਦੱਸਿਆ ਕਿ ਮੋਟਰ ਵ੍ਹੀਕਲ ਐਕਟ 'ਚ ਗਲਤ ਸਾਈਡ ਪਾਰਕ ਕੀਤੇ ਵਾਹਨਾਂ ਨੂੰ ਟੋਅ ਕੀਤੇ ਜਾਣ ਦਾ ਕਾਨੂੰਨ ਹੈ।
ਪੁਲਸ ਰੁਚੀ ਨਹੀਂ ਦਿਖਾਉਂਦੀ
ਕੋਰਟ ਨੇ ਕਿਹਾ ਕਿ ਚੰਡੀਗੜ੍ਹ ਟ੍ਰੈਫਿਕ ਪੁਲਸ ਸੜਕਾਂ 'ਤੇ ਖੜ੍ਹੇ ਵਾਹਨਾਂ ਨੂੰ ਟੋਅ ਕਰਨ 'ਚ ਰੁਚੀ ਨਹੀਂ ਦਿਖਾਉਂਦੀ। ਇਹੀ ਕਾਰਨ ਹੈ ਕਿ ਮਾਮਲੇ ਕੋਰਟ ਤੱਕ ਪਹੁੰਚ ਰਹੇ ਹਨ। ਕੋਰਟ ਨੇ ਐੱਸ. ਐੱਸ. ਪੀ. ਟ੍ਰੈਫਿਕ ਅਤੇ ਡੀ. ਸੀ. ਨੂੰ ਅਗਲੀ ਸੁਣਵਾਈ ਦੌਰਾਨ ਸਟੇਟਸ ਰਿਪੋਰਟ ਦਾਖਲ ਕਰਨ ਨੂੰ ਕਿਹਾ ਹੈ, ਤਾਂ ਕਿ ਕੋਰਟ ਜਾਣ ਸਕੇ ਕਿ ਟ੍ਰੈਫਿਕ ਪੁਲਸ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਕਿੰਨੀ ਗੰਭੀਰ ਹੈ।
ਕਿਰਨ ਬੇਦੀ ਦੀ ਤਰ੍ਹਾਂ ਸਖਤੀ ਕਿਉਂ ਨਹੀਂ ਕਰਦੇ
ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਕ ਵਾਰ ਫਿਰ ਚੰਡੀਗੜ੍ਹ ਦੀ ਸਾਬਕਾ ਆਈ. ਜੀ. ਕਿਰਨ ਬੇਦੀ ਦੀ ਉਦਹਾਰਣ ਦਿੰਦਿਆਂ ਐੱਸ. ਐੱਸ. ਪੀ. ਟ੍ਰੈਫਿਕ ਨੇ ਪੁੱਛਿਆ ਹੈ ਕਿ ਉਹ ਕਿਰਨ ਬੇਦੀ ਦੀ ਤਰ੍ਹਾਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ 'ਤੇ ਸਖਤੀ ਕਿਉਂ ਨਹੀਂ ਕਰਦੇ, ਜਿਨ੍ਹਾਂ ਨੂੰ ਲੋਕ ਕਿਰਨ ਨਹੀਂ, ਕਰੇਨ ਬੇਦੀ ਕਹਿਣ ਲੱਗੇ ਸਨ ਕਿਉਂਕਿ ਉਹ ਗਲਤ ਪਾਰਕ ਹੋਏ ਵਾਹਨਾਂ ਨੂੰ ਟੋਅ ਕਰਵਾ ਦਿੰਦੀ ਸੀ। ਉਹੋ ਜਿਹਾ ਹੀ ਮਾਹੌਲ ਬਣਾਇਆ ਜਾਵੇ, ਤਾਂ ਕਿ ਲੋਕ ਗਲਤ ਸਾਈਡ ਵਾਹਨ ਪਾਰਕ ਕਰਨ ਦੀ ਹਿੰਮਤ ਹੀ ਨਾ ਕਰ ਸਕਣ।
ਇਨਕਰੋਚਮੈਂਟ ਦੀ ਰਿਪੋਰਟ ਮੰਗੀ
ਕੋਰਟ ਨੇ ਡੀ. ਸੀ. ਤੇ ਐੱਸ. ਐੱਸ. ਪੀ. ਤੋਂ ਅਗਲੀ ਸੁਣਵਾਈ 'ਤੇ ਸ਼ਹਿਰ 'ਚ ਸੜਕਾਂ 'ਤੇ, ਪੈਦਲ ਟ੍ਰੈਕਸ 'ਤੇ, ਸਾਈਕਲ ਟਰੈਕਸ 'ਤੇ ਅਤੇ ਪਾਰਕਿੰਗ ਏਰੀਆ 'ਚ ਹੋਈ ਇਨਕਰੋਚਮੈਂਟ ਦੀ ਸਟੇਟਸ ਰਿਪੋਰਟ ਵੀ ਮੰਗੀ ਹੈ। ਨਾਲ ਹੀ ਸਹੁੰ ਪੱਤਰ ਦਾਖਲ ਕਰ ਕੇ ਇਹ ਦੱਸਣ ਨੂੰ ਕਿਹਾ ਹੈ ਕਿ ਸ਼ਹਿਰ 'ਚ ਗਲਤ ਪਾਰਕ ਹੋਏ ਕਿੰਨੇ ਵਾਹਨ ਟੋਅ ਕੀਤੇ ਹਨ, ਇਸਦੀ ਰਿਪੋਰਟ ਅਗਲੀ ਸੁਣਵਾਈ 25 ਮਾਰਚ ਨੂੰ ਦਿਓ।