ਪੰਜਾਬ ਦੇ ਇਸ ਜ਼ਿਲ੍ਹੇ ਤੋਂ ਚਿੰਤਾ ਭਰੀ ਖ਼ਬਰ, ਵਧਣ ਲੱਗੀ ਇਹ ਖ਼ਤਰਨਾਕ ਬਿਮਾਰੀ
Saturday, Oct 12, 2024 - 11:20 AM (IST)
ਫਤਹਿਗੜ੍ਹ ਸਾਹਿਬ (ਜਗਦੇਵ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਡੇਂਗੂ ਦੇ ਸਾਹਮਣੇ ਆ ਰਹੇ ਕੇਸਾਂ ਨੂੰ ਲੈ ਕੇ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ। ਸਿਹਤ ਵਿਭਾਗ ਕੋਲ ਹੁਣ ਤੱਕ 27 ਕੇਸ ਦਰਜ ਕੀਤੇ ਜਾ ਚੁੱਕੇ ਹਨ, ਭਾਵੇਂ ਇਹ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਪਰ ਫਿਰ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਿਹਾ ਹੈ ਤੇ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਡੇਂਗੂ ਵਾਰਡ ਬਣਾਇਆ ਗਿਆ ਹੈ ਅਤੇ ਜਿੱਥੋਂ ਵੀ ਡੇਂਗੂ ਦੇ ਕੇਸ ਸਾਹਮਣੇ ਆ ਰਹੇ ਹਨ, ਉੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾ ਕੇ ਫੋਲਿੰਗ ਅਤੇ ਟੈਸਟਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਜਾਰੀ ਕੀਤੇ ਨਵੇਂ ਹੁਕਮ
ਜ਼ਿਲ੍ਹੇ ਦੇ ਪਿੰਡ ਗੜੋਲੀਆਂ ਵਿਖੇ ਡੇਂਗੂ ਕਾਰਨ ਹੋਈਆਂ ਮੌਤਾਂ ਸਬੰਧੀ ਸੋਸ਼ਲ ਮੀਡੀਆ 'ਤੇ ਗਰਮਾਏ ਮਾਮਲੇ 'ਤੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਾ ਕਰਦਿਆਂ ਕਿਹਾ ਕਿ ਜਿੱਥੋਂ ਵੀ ਮਰੀਜ਼ਾਂ ਵੱਲੋਂ ਇਲਾਜ ਕਰਵਾਇਆ ਗਿਆ ਹੈ, ਉਥੋਂ ਰਿਪੋਰਟਾਂ ਮੰਗਵਾਈਆਂ ਜਾ ਰਹੀਆਂ ਹਨ ਤਾਂ ਜੋ ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਪਿੰਡ ਗੜੋਲੀਆਂ ਵਿਖੇ ਡੇਂਗੂ ਦੇ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ, ਮੱਛਰਾਂ ਨੂੰ ਮਾਰਨ ਲਈ ਫੋਗਿੰਗ ਕੀਤੀ ਜਾ ਰਹੀ ਹੈ ਅਤੇ ਘਰੋਂ ਘਰੀ ਜਾ ਕੇ ਪਾਣੀ ਨੂੰ ਖੜਾ ਨਾ ਹੋਣ ਦਿੱਤੇ ਜਾਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਖੜ੍ਹੇ ਪਾਣੀ ਵਿਚ ਮੱਛਰਾਂ ਦਾ ਲਾਰਵਾ ਪੈਦਾ ਨਾ ਹੋ ਸਕੇ ਇਹੀ ਡੇਂਗੂ ਦੀ ਬਿਮਾਰੀ ਦਾ ਮੁੱਖ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ 13 ਅਕਤੂਬਰ ਨੂੰ ਭੁੱਲ ਕੇ ਨਾ ਨਿਕਲਿਓ ਘਰੋਂ ਬਾਹਰ, ਕਿਸਾਨਾਂ ਨੇ ਕਰ 'ਤਾ ਵੱਡਾ ਐਲਾਨ
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਰਵੇ ਦੌਰਾਨ ਬੁਖਾਰ ਦੇ ਸ਼ੱਕੀ ਮਰੀਜ਼ਾਂ ਦੀਆਂ ਬਲੱਡ ਸਲਾਈਡਾਂ ਬਣਾਕੇ ਲੈਬਾਰਟਰੀ ਵਿਚ ਟੈਸਟ ਕਰਾਉਣ ਲਈ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਡੇਂਗੂ ਦੇ ਫਰੀ ਟੈਸਟ ਕੀਤੇ ਜਾਂਦੇ ਹਨ ਅਤੇ ਕੋਈ ਵੀ ਵਿਅਕਤੀ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਆ ਕੇ ਟੈਸਟ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਤੋਂ ਹੁਣ ਤੱਕ ਜ਼ਿਲ੍ਹੇ ਵਿਚ 27 ਡੇਂਗੂ ਦੇ ਮਰੀਜ਼ ਸਾਹਮਣੇ ਆਏ ਸਨ ਜੋ ਕਿ ਇਲਾਜ ਉਪਰੰਤ ਬਿਲਕੁਲ ਠੀਕ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਅਜੇ ਤੱਕ ਡੇਂਗੂ ਨਾਲ ਕੋਈ ਵੀ ਮੌਤ ਹੋਣ ਬਾਰੇ ਅਧਿਕਾਰਤ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ, ਤੁਰੰਤ ਰਿਪੋਰਟ ਦੇਣ ਦੀ ਹਦਾਇਤ
ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਕੂਲਰਾਂ, ਫਰਿੱਜਾਂ ਦੀਆਂ ਟਰੇਆਂ ਗਮਲਿਆਂ, ਟਾਇਰਾਂ ,ਟੁੱਟੇ ਫੁੱਟੇ ਬਰਤਨਾਂ ਵਿਚ ਖੜੇ ਪਾਣੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲਾਰਵਾ ਮਿਲਣ ਵਾਲੀਆਂ ਥਾਵਾਂ 'ਤੇ ਲਾਰਵੇ ਨੂੰ ਤੁਰੰਤ ਨਸ਼ਟ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੀ ਆਲੇ ਦੁਆਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ ਅਤੇ ਹਰ ਫਰਾਈਡੇ ਨੂੰ ਬਤੌਰ ਡਰਾਈ ਡੇਅ ਮਨਾਇਆ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e