ਯੁੱਧ ਨਸ਼ਿਆਂ ਵਿਰੁੱਧ ਦੀ ਖੁੱਲ੍ਹੀ ਪੋਲ, ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਚ ਹੋ ਰਹੀ ਅਨਾਊਂਸਮੈਂਟ
Friday, Feb 20, 2026 - 06:28 PM (IST)
ਪਾਤੜਾਂ (ਮਾਨ) : ਪੰਜਾਬ ਸਰਕਾਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਆਲਮ ਇਹ ਹੈ ਕਿ ਇਸ ਮੁਹਿੰਮ ਦੇ ਬਾਵਜੂਦ ਹਲਕਾ ਸ਼ੁਤਰਾਣਾ ਵਿਚ ਹਾਲਾਤ ਖਰਾਬ ਹਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਆਪਣੇ ਪਿੰਡ ਵਿਚ ਹੀ ਨਸ਼ੇ ਕਾਰਨ ਚੋਰੀਆਂ, ਮੋਟਰਾਂ ਦੀਆਂ ਤਾਰਾਂ ਪੱਟਣੀਆਂ ਅਤੇ ਗੁਰੂ ਘਰ ਵਿਚ ਅਨਾਊਂਸਮੈਂਟ ਹੋ ਰਹੀਆਂ ਹਨ। ਇਹ ਪ੍ਰੈਸ ਬਿਆਨ ਜਾਰੀ ਕਰਦਿਆਂ ਗੁਰਚਰਨ ਸਿੰਘ ਨੇ ਕਥਿਤ ਦੋਸ਼ ਲਾਏ ਹਨ। ਉਨਾਂ ਕਿਹਾ ਕਿ ਇਹ ਗੰਭੀਰ ਪ੍ਰਸ਼ਾਸਕੀ ਨਾਕਾਮੀ ਮੰਨੀ ਜਾ ਸਕਦੀ ਹੈ। “ਯੁੱਧ ਨਸ਼ਿਆਂ ਵਿਰੁੱਧ” ਦੇ ਨਾਅਰੇ ਸਿਰਫ ਕਾਗਜ਼ਾਂ ਤੱਕ ਹੀ ਰਹਿ ਗਏ ਹਨ। ਹਕੀਕਤ ਇਹ ਹੈ ਕਿ ਅੱਜ ਹਲਕਾ ਸ਼ੁਤਰਾਣਾ ਦੇ ਪਿੰਡਾਂ ਵਿਚ ਨਸ਼ਾ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਪਿੰਡ ਦੇ ਲੋਕਾਂ ਨੂੰ ਗੁਰੂ ਘਰ ਵਿਚ ਅਨਾਊਂਸਮੈਂਟ ਕਰਵਾ ਕੇ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ।
ਰਾਤ ਦੇ ਸਮੇਂ ਕਿਸਾਨਾਂ ਦੇ ਖੇਤਾਂ ਤੋਂ ਮੋਟਰਾਂ ਦੀਆਂ ਤਾਰਾਂ ਤੱਕ ਪੱਟ ਕੇ ਲੈ ਜਾਈਆਂ ਜਾ ਰਹੀਆਂ ਹਨ। ਇਹ ਸਿਰਫ ਚੋਰੀ ਨਹੀਂ, ਸਗੋਂ ਕਿਸਾਨ ਦੀ ਰੋਜ਼ੀ-ਰੋਟੀ ’ਤੇ ਸਿੱਧਾ ਵਾਰ ਹੈ। ਜਦੋਂ ਆਪਣੇ ਹੀ ਪਿੰਡ ਵਿਚ ਕਾਨੂੰਨ-ਵਿਵਸਥਾ ਦੀ ਇਹ ਹਾਲਤ ਹੋਵੇ ਤਾਂ ਵੱਡੇ ਵੱਡੇ ਦਾਅਵੇ ਬੇਅਸਰ ਦਿਖਾਈ ਦਿੰਦੇ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ ਤੁਰੰਤ ਕਾਰਵਾਈ ਹੋਵੇ। ਰਾਤ ਦੇ ਸਮੇਂ ਪੁਲਸ ਗਸ਼ਤ ਵਧਾਈ ਜਾਵੇ। ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਪਿੰਡ ਪੱਧਰ ’ਤੇ ਨਸ਼ਾ ਮੁਕਤੀ ਕਮੇਟੀ ਬਣਾਈ ਜਾਵੇ। ਇਹ ਸਿਆਸਤ ਦਾ ਨਹੀਂ, ਸਾਡੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦਾ ਮਸਲਾ ਹੈ।
