ਛੇਵੀਂ ਵਰਲਡ ਪੰਜਾਬੀ ਕਾਨਫਰੰਸ ''ਚ 7 ਸੈਸ਼ਨ ਹੋਣਗੇ
Monday, Mar 05, 2018 - 10:27 AM (IST)

ਚੰਡੀਗੜ੍ਹ (ਬਿਊਰੋ) : ਦੋ ਦਿਨਾ ਛੇਵੀਂ ਵਰਲਡ ਪੰਜਾਬੀ ਕਾਨਫਰੰਸ 'ਚ ਵੱਖ-ਵੱਖ ਮੁੱਦਿਆਂ 'ਤੇ 7 ਸੈਸ਼ਨ ਹੋਣਗੇ। ਕਾਨਫਰੰਸ ਵਰਲਡ ਪੰਜਾਬੀ ਕਾਨਫਰੰਸ ਤੇ ਪੰਜਾਬ ਆਰਟਸ ਕੌਂਸਲ ਵਲੋਂ ਸਾਂਝੇ ਤੌਰ 'ਤੇ 10 ਤੇ 11 ਮਾਰਚ ਨੂੰ ਚੰਡੀਗੜ੍ਹ 'ਚ ਕਰਵਾਈ ਜਾ ਰਹੀ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਅ ਆਡੀਟੋਰੀਅਮ ਪੰਜਾਬ ਯੂਨੀਵਰਸਿਟੀ 'ਚ ਕਰਨਗੇ। ਵਰਲਡ ਪੰਜਾਬੀ ਕਾਨਫਰੰਸ ਦੇ ਮੁੱਖ ਸਕੱਤਰ ਪ੍ਰੋ. ਰਵੇਲ ਸਿੰਘ ਨੇ ਕਿਹਾ ਕਿ ਪਹਿਲਾ ਸੈਸ਼ਨ ਪੰਜਾਬ ਤੇ ਸਿੱਖਿਆ 'ਤੇ ਹੋਵੇਗਾ। ਇਸ ਸੈਸ਼ਨ ਲਈ ਸੰਚਾਲਕ ਡਾ. ਸੁਰਜੀਤ ਸਿੰਘ ਹੋਣਗੇ ਤੇ ਪੈਨਲ ਦੇ ਮੈਂਬਰਾਂ 'ਚ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਜੀ. ਐੱਨ. ਡੀ. ਯੂ. ਅੰਮ੍ਰਿਤਸਰ, ਡਾ. ਬੀ. ਐੱਸ. ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ. ਏ. ਕੇ. ਗਰੋਵਰ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਜਨਕ ਰਾਜ ਮਹਿਰੋਕ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸ਼ਾਮਲ ਹਨ।
ਦੂਜਾ ਸੈਸ਼ਨ ਮਾਲੀ ਹਾਲਤ, ਕਿਸਾਨ ਤੇ ਆਤਮਹੱਤਿਆਵਾਂ 'ਤੇ ਹੋਵੇਗਾ। ਇਸਦਾ ਪ੍ਰਬੰਧ ਈਵਨਿੰਗ ਸਟੱਡੀਜ਼ ਆਡੀਟੋਰੀਅਮ 'ਚ ਹੋਵੇਗਾ। ਇਸਦੇ ਸੰਚਾਲਕ ਅਮਰਜੀਤ ਸਿੰਘ ਗਰੇਵਾਲ ਹੋਵੇਗਾ। ਪੈਨਲਿਸਟਾਂ 'ਚ ਡਾ. ਸੁੱਚਾ ਸਿੰਘ ਗਿੱਲ, ਡਾ. ਗਿਆਨ ਸਿੰਘ, ਡਾ. ਸੁਖਪਾਲ ਸਿੰਘ ਤੇ ਡਾ. ਸੁਖਦੇਵ ਸਿੰਘ ਸ਼ਾਮਲ ਹੋਣਗੇ। ਤੀਜਾ ਸੈਸ਼ਨ ''ਪੰਜਾਬ ਸੁਰੱਖਿਆ : ਹਾਲਤ ਤੇ ਚਿੰਤਾਵਾਂ'' 'ਤੇ ਹੋਵੇਗਾ, ਜਿਸਦੇ ਸੰਚਾਲਕ ਮਨਮੋਹਨ ਸਿੰਘ ਆਈ. ਪੀ. ਐੱਸ. ਹੋਣਗੇ। ਇਸਦੇ ਪੈਨਲਿਸਟਾਂ 'ਚ ਸੁਰੇਸ਼ ਅਰੋੜਾ ਆਈ. ਪੀ. ਐੱਸ. ਤੇ ਨਿਰਮਲਜੀਤ ਸਿੰਘ ਕਲਸੀ ਆਈ. ਏ. ਐੱਸ. ਹੋਣਗੇ। ਪ੍ਰੋ. ਸਿੰਘ ਨੇ ਦੱਸਿਆ ਕਿ ਉਦਘਾਟਨ ਸੈਸ਼ਨ ਲਈ ਧੰਨਵਾਦ ਮਤਾ ਡਾ. ਦੀਪਕ ਮਨਮੋਹਨ ਸਿੰਘ ਵਲੋਂ ਪੇਸ਼ ਕੀਤਾ ਜਾਵੇਗਾ। ਬਾਅਦ ਵਿਚ ਸ਼ਾਮ ਨੂੰ ਐੱਨ. ਆਰ. ਆਈ. ਕਵੀਆਂ ਤੇ ਸ਼ਾਇਰਾਂ ਵਲੋਂ ਇਕ ਕਾਵਿਆਤਮਕ ਸਿੰਪੋਜੀਅਮ ਦਾ ਆਯੋਜਨ ਕੀਤਾ ਜਾਵੇਗਾ। ਇਸਦਾ ਸੰਚਾਲਨ ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਵਲੋਂ ਕੀਤਾ ਜਾਵੇਗਾ। ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਚੌਥੇ ਸੈਸ਼ਨ ਨਾਲ ਹੋਵੇਗੀ, ਜੋ ਕਿ ਪੰਜਾਬੀ ਭਾਸ਼ਾ 'ਤੇ ਹੋਵੇਗਾ। ਇਸਦਾ ਸੰਚਾਲਨ ਪ੍ਰੋ. ਜੋਗਾ ਸਿੰਘ ਵਲੋਂ ਕੀਤਾ ਜਾਵੇਗਾ। ਇਸ ਸੈਸ਼ਨ ਦੇ ਪੈਨਲਿਸਟਾਂ ਵਿਚ ਡਾ. ਗੁਰਪ੍ਰੀਤ ਲਹਿਲ ਕੰਪਿਊਟਰ ਤੇ ਪੰਜਾਬੀ ਭਾਸ਼ਾ ਤੇ ਵਰਿੰਦਰ ਸ਼ਰਮਾ ਪ੍ਰਸ਼ਾਸਨ ਤੇ ਪੰਜਾਬੀ ਭਾਸ਼ਾ, ਫਖਰ ਜਮਾਂ ਪਾਕਿਸਤਾਨ ਤੇ ਪੰਜਾਬੀ ਭਾਸ਼ਾ, ਪ੍ਰੋ. ਆਈ. ਐੱਸ. ਦੁਆ ਸਾਇੰਸ ਤੇ ਪੰਜਾਬੀ ਭਾਸ਼ਾ, ਸਵਰਣ ਸਿੰਘ ਵਿਰਕ-ਆਜ਼ਾਦੀ ਤੋਂ ਪਹਿਲਾਂ ਪੰਜਾਬੀ ਭਾਸ਼ਾ ਤੇ ਸੁਖਵਿੰਦਰ ਅੰਮ੍ਰਿਤ ਪਰਿਵਾਰ ਤੇ ਪੰਜਾਬੀ ਭਾਸ਼ਾ 'ਤੇ ਆਪਣੇ ਵਿਚਾਰ ਰੱਖਣਗੇ।
5ਵਾਂ ਸੈਸ਼ਨ ਪੰਜਾਬੀ ਸਾਹਿਤ ਤੇ ਕਲਾ 'ਤੇ ਹੋਵੇਗਾ। ਇਸ ਸੈਸ਼ਨ ਦੇ ਸੰਚਾਲਕ ਡਾ. ਰਵੀ ਰਵਿੰਦਰ ਹੋਣਗੇ। ਇਸਦੇ ਪੈਨਲਿਸਟਾਂ ਵਿਚ ਡਾ. ਵਰਿਆਮ ਸੰਧੂ, ਡਾ. ਜਸਵਿੰਦਰ ਸਿੰਘ, ਕੇਵਲ ਧਾਲੀਵਾਲ, ਸਿਧਾਰਥ, ਡਾ. ਨਿਵੇਦਿਤਾ ਸਿੰਘ ਤੇ ਡਾ. ਹਰਜੀਤ ਸਿੰਘ ਸ਼ਾਮਲ ਹਨ। ਕਾਨਫਰੰਸ ਦਾ ਛੇਵਾਂ ਸੈਸ਼ਨ ਪੰਜਾਬੀ ਡਾਇਸਪੋਰਾ 'ਤੇ ਹੋਵੇਗਾ ਤੇ ਇਸਦੇ ਸੰਚਾਲਕ ਜੈਦੀਪ ਸਿੰਘ ਹੋਣਗੇ। ਇਸਦੇ ਪੈਨਲਿਸਟਾਂ ਵਿਚ ਸੁੱਖੀ ਬਾਥ, ਇਕਬਾਲ ਮਾਹਲ, ਮਨਮੋਹਣ ਮੇਹਰੂ ਤੇ ਹਰਜੀਤ ਅਟਵਾਲ ਸ਼ਾਮਲ ਹਨ। 7ਵੇਂ ਸੈਸ਼ਨ 'ਚ ਸਿਆਸੀ ਦ੍ਰਿਸ਼ਟੀਕੋਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸਦੇ ਸੰਚਾਲਕ ਲਖਵਿੰਦਰ ਜੌਹਲ ਹੋਣਗੇ ਤੇ ਪੈਨਲਿਸਟਾਂ 'ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਐੱਸ. ਏ. ਡੀ.), ਆਪ, ਭਾਜਪਾ, ਸੀ. ਪੀ. ਆਈ. ਤੇ ਸੀ. ਪੀ. ਆਈ. (ਐੱਮ.) ਦੇ ਪ੍ਰਤੀਨਿਧੀ ਹੋਣਗੇ। ਆਖਰੀ ਦਿਨ ਸ਼ਾਮ ਨੂੰ ਸਮਾਪਤ ਸਮਾਰੋਹ ਕੀਤਾ ਜਾਵੇਗਾ, ਜਿਸ 'ਚ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਤੇ ਮਿਊਜ਼ੀਅਮ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਹੋਣਗੇ। ਸਮਾਪਤੀ ਸੰਬੋਧਨ ਸਤਨਾਮ ਮਾਣਕ ਵਲੋਂ ਦਿੱਤਾ ਜਾਵੇਗਾ। ਇਸ ਸੈਸ਼ਨ ਦੀ ਪ੍ਰਧਾਨਗੀ ਐੱਚ. ਐੱਸ. ਹੰਸਪਾਲ ਸਾਬਕਾ ਐੱਮ. ਪੀ. ਕਰਨਗੇ ਤੇ ਧੰਨਵਾਦ ਮਤਾ ਪਦਮਸ਼੍ਰੀ ਡਾ. ਸੁਰਜੀਤ ਪਾਤਰ ਵਲੋਂ ਪੇਸ਼ ਕੀਤਾ ਜਾਵੇਗਾ।