ਵਰਲਡ ਕਬੱਡੀ ਲੀਗ ਨੂੰ ਕੈਪਟਨ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ

09/02/2017 2:48:58 AM

ਜਲੰਧਰ(ਮਹੇਸ਼ ਖੋਸਲਾ)— ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਜਾਂਦੀ ਵਰਲਡ ਕਬੱਡੀ ਲੀਗ ਨੂੰ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇਗੀ । ਇਹ ਵਿਚਾਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਮਿਲਣ ਆਏ ਵਰਲਡ ਕਬੱਡੀ ਲੀਗ ਦੇ ਵਫ਼ਦ ਸਾਹਮਣੇ ਪ੍ਰਗਟ ਕੀਤੇ । ਉਨ੍ਹਾਂ ਭਰੋਸਾ ਦਿਵਾਇਆ ਕਿ ਅਕਤੂਬਰ-ਨਵੰਬਰ 'ਚ ਐੱਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਵਰਲਡ ਕਬੱਡੀ ਲੀਗ ਸੀਜ਼ਨ-3 ਨੂੰ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜਿਵੇਂ ਹਾਕੀ, ਫੁੱਟਬਾਲ ਅਤੇ ਹੋਰ ਖੇਡਾਂ ਨੂੰ ਮਹੱਤਵ ਦਿੱਤਾ ਹੀ ਜਾਂਦਾ ਹੈ ਪਰ ਮਾਂ ਖੇਡ ਕਬੱਡੀ ਨੂੰ ਪੂਰੇ ਵਿਸ਼ਵ 'ਚ ਫੈਲਾਉਣ ਲਈ ਐੱਨ. ਆਰ. ਆਈ. ਵੀਰਾਂ ਵੱਲੋਂ ਕਰਵਾਇਆ ਜਾਂਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਆਏ ਵਫ਼ਦ ਵੱਲੋਂ ਉਨ੍ਹਾਂ ਨੂੰ ਫਾਈਨਲ ਮੈਚ, ਜਿਹੜਾ ਮੋਹਾਲੀ ਵਿਖੇ ਕਰਵਾਇਆ ਜਾਵੇਗਾ, ਉਸ 'ਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਲਈ ਸੱਦਾ-ਪੱਤਰ ਵੀ ਦਿੱਤਾ ਗਿਆ, ਜੋ ਮੁੱਖ ਮੰਤਰੀ ਪੰਜਾਬ ਨੇ ਪ੍ਰਵਾਨ ਕਰਦਿਆਂ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ । 
ਇਸ ਮੌਕੇ ਵਰਲਡ ਕਬੱਡੀ ਲੀਗ ਦੇ ਡਾਇਰੈਕਟਰ ਸ. ਤਲਵਿੰਦਰ ਸਿੰਘ ਹੇਅਰ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵਰਲਡ ਕਬੱਡੀ ਲੀਗ ਨੂੰ ਕਾਮਯਾਬ ਕਰਨ 'ਚ ਅਮਰੀਕਾ ਦੇ ਉੱਘੇ ਉਦਯੋਗਪਤੀ ਸੁਰਜੀਤ ਸਿੰਘ ਟੁੱਟ, ਰਣਜੀਤ ਸਿੰਘ ਟੁੱਟ ਅਤੇ ਸਰਬਜੀਤ ਸਿੰਘ ਥਿਆੜਾ ਅਹਿਮ ਯੋਗਦਾਨ ਦੇ ਰਹੇ ਹਨ। 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਵਫ਼ਦ 'ਚ ਡਾਇਰੈਕਟਰ ਵਰਲਡ ਕਬੱਡੀ ਲੀਗ ਤਲਵਿੰਦਰ ਸਿੰਘ ਹੇਅਰ (ਯੂ. ਕੇ.) ਉੱਘੇ ਬਿਜ਼ਨੈੱਸਮੈਨ, ਐੱਮ. ਐੱਲ. ਏ. ਫਤਿਹਜੰਗ ਸਿੰਘ ਬਾਜਵਾ ਪੈਟਰਨ, ਰਣਬੀਰ ਸਿੰਘ ਟੁੱਟ ਐਡੀਸ਼ਨਲ ਕਮਿਸ਼ਨਰ ਵਰਲਡ ਕਬੱਡੀ ਲੀਗ, ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਲੀਗਲ ਐਡਵਾਈਜ਼ਰ ਤੇ ਹੋਰ ਸ਼ਾਮਿਲ ਸਨ । ਇਸ ਮੌਕੇ ਵਫ਼ਦ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਰਲਡ ਕਬੱਡੀ ਲੀਗ ਦਾ ਸੋਵੀਨਾਰ ਵੀ ਭੇਟ ਕੀਤਾ ਗਿਆ ।


Related News