ਮਜ਼ਦੂਰਾਂ ਨੂੰ ਸਹੂਲਤਾਂ ਲੈਣ ਲਈ ਹੋਣਾ ਪੈ ਰਿਹੈ ਖੱਜਲ-ਖੁਆਰ
Saturday, Dec 09, 2017 - 12:42 AM (IST)
ਹੁਸ਼ਿਆਰਪੁਰ, (ਘੁੰਮਣ)- ਜ਼ਿਲਾ ਇੰਟਕ ਦੇ ਇਕ ਵਫ਼ਦ ਨੇ ਅੱਜ ਇਥੇ ਜ਼ਿਲਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਕਰਮਵੀਰ ਬਾਲੀ ਦੀ ਅਗਵਾਈ 'ਚ ਲੇਬਰ ਵਿਭਾਗ ਦੇ ਇਨਫੋਰਸਮੈਂਟ ਅਫ਼ਸਰ ਗ੍ਰੇਡ-1 ਨਵਦੀਪ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਮੰਗ-ਪੱਤਰ ਵੀ ਉਨ੍ਹਾਂ ਨੂੰ ਦਿੱਤਾ। ਵਫ਼ਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੇਬਰ ਵੈੱਲਫੇਅਰ ਬੋਰਡ ਰਾਹੀਂ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਮਜ਼ਦੂਰ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਫਾਰਮ ਭਰ ਕੇ ਜਦੋਂ ਸੇਵਾ ਕੇਂਦਰਾਂ 'ਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਫਾਰਮ ਕਿਸੇ ਠੇਕੇਦਾਰ ਕੋਲੋਂ ਤਸਦੀਕ ਕਰਵਾਉਣ ਲਈ ਕਿਹਾ ਜਾਂਦਾ ਹੈ। ਸਰਕਾਰ ਨੇ ਫਾਰਮ ਤਸਦੀਕ ਕਰਨ ਦੇ ਅਧਿਕਾਰ ਪਿੰਡਾਂ 'ਚ ਸਰਪੰਚਾਂ ਅਤੇ ਸ਼ਹਿਰਾਂ 'ਚ ਨਗਰ ਕੌਂਸਲਰਾਂ ਨੂੰ ਦਿੱਤੇ ਹੋਏ ਹਨ। ਇਸ ਦੇ ਬਾਵਜੂਦ ਮਜ਼ਦੂਰਾਂ ਲਈ ਠੇਕੇਦਾਰ ਕੋਲੋਂ ਫਾਰਮ 'ਤੇ ਦਸਤਖ਼ਤ ਕਰਵਾਉਣ ਦੀ ਕੀ ਤੁਕ ਹੈ। ਵਫ਼ਦ ਨੇ ਕਿਹਾ ਕਿ ਜ਼ਿਆਦਾਤਰ ਮਜ਼ਦੂਰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹੂਲਤ ਦਾ ਲਾਭ ਸੇਵਾ ਕੇਂਦਰਾਂ ਦੀ ਲਾਲ ਫੀਤਾਸ਼ਾਹੀ ਕਾਰਨ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।
ਸਖ਼ਤ ਕਾਰਵਾਈ ਦਾ ਭਰੋਸਾ : ਉਕਤ ਅਧਿਕਾਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜੇਕਰ ਕੋਈ ਅਧਿਕਾਰੀ ਜਾਂ ਮੁਲਾਜ਼ਮ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਨਾਲ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਜਾਵੇ। ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਤੰਗ ਕਰਨ ਵਾਲੇ ਕਰਮਚਾਰੀਆਂ ਨੂੰ 25 ਹਜ਼ਾਰ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਇਨਫੋਰਸਮੈਂਟ ਅਧਿਕਾਰੀ ਨੇ ਦੱਸਿਆ ਕਿ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਇਲਾਵਾ ਪ੍ਰਾਈਵੇਟ ਤੌਰ 'ਤੇ ਕੰਮ ਕਰਨ ਵਾਲੇ ਪਲੰਬਰ, ਤਰਖਾਣ, ਬਿਜਲੀ ਦਾ ਕੰਮ ਕਰਨ ਵਾਲੇ ਵਿਅਕਤੀ, ਰਾਜ ਮਿਸਤਰੀ ਅਤੇ ਮਜ਼ਦੂਰ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ²ਸ਼ਹਿਰੀ ਪ੍ਰਧਾਨ ਰਾਣੀ ਬਾਲੀ, ਦੀਪ ਭੱਟੀ, ਸੰਧਿਆ ਦੇਵੀ, ਤਜਿੰਦਰ ਕੌਰ, ਅਸ਼ੋਕ ਕੁਮਾਰ ਆਦਿ ਵੀ ਮੌਜੂਦ ਸਨ।
