''ਸਰਕਾਰ ਦੇ ਬੰਦ ਕੰਨ ਖੋਲ੍ਹੇਗੀ 10 ਦੀ ਰੈਲੀ''
Friday, Sep 08, 2017 - 02:23 PM (IST)
ਝਬਾਲ/ਬੀੜ ਸਾਹਿਬ (ਹਰਬੰਸ ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਵੱਲੋਂ 10 ਸਤੰਬਰ ਨੂੰ ਦਾਣਾ ਮੰਡੀ ਝਬਾਲ ਵਿਖੇ ਕਰਵਾਈ ਜਾ ਰਹੀ ਵਿਸ਼ਾਲ ਰੈਲੀ ਸਰਕਾਰ ਦੇ ਬੰਦ ਕੰਨ ਖੋਲ੍ਹ ਦੇਵੇਗੀ। ਇਹ ਪ੍ਰਗਟਾਵਾ ਸੂਬਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਪਾਸ਼ਾ ਦੀ ਅਗਵਾਈ ਹੇਠ ਵੀਰਵਾਰ ਨੂੰ ਰੱਖੀ ਮੀਟਿੰਗ ਮੌਕੇ ਪੁੱਜੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਗੋਲਡੀ ਤੇ ਪ੍ਰਕਾਸ਼ ਸਿੰਘ ਪਾਸ਼ਾ ਨੇ ਕੀਤਾ। ਆਗੂਆਂ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਕੀਤੀ ਜਾ ਰਹੀ ਇਸ ਰੈਲੀ 'ਚ ਪੰਜਾਬ ਇੰਟਕ ਦੇ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜਨਰਲ ਕੌਂਸਲ ਦੇ ਸੈਕਟਰੀ ਸੁਖਦੇਵ ਸਿੰਘ ਤੇ ਮੀਤ ਪ੍ਰਧਾਨ ਬਲਬੀਰ ਸਿੰਘ ਫਿਰੋਜ਼ਪੁਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਰੈਲੀ 'ਚ ਸਰਕਾਰ ਦੇ ਕੰਨਾਂ ਤੱਕ ਮਜ਼ਦੂਰਾਂ ਦੀਆਂ ਮੰਗਾਂ ਨੂੰ ਪਹੁੰਚਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਰੇਸ਼ਮ ਸਿੰਘ ਝਬਾਲ ਨੇ ਕਿਹਾ ਕਿ ਮਜ਼ਦੂਰਾਂ ਨਾਲ ਸਰਕਾਰ ਵੱਲੋਂ ਸਰਾਸਰ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਦਕਿ 75 ਫੀਸਦੀ ਹਿੱਸੇਦਾਰੀ ਮਜ਼ਦੂਰ ਵਰਗ ਦੀ ਸਰਕਾਰ ਬਣਾਉਣ 'ਚ ਹੁੰਦੀ ਹੈ। ਇਸ ਸਮੇਂ ਪ੍ਰਧਾਨ ਨਿਰਮਲ ਸਿੰਘ ਝਾਮਕਾ, ਬਲਜੀਤ ਸਿੰਘ ਪੱਟੀ, ਬਾਜ ਸਿੰਘ ਸਰਾਂ, ਦਿਲਬਾਗ ਸਿੰਘ ਛੇਹਰਟਾ, ਕੁੰਨਣ ਸਿੰਘ ਤਰਨਤਾਰਨ, ਬਲਦੇਵ ਸਿੰਘ ਰਈਆ, ਗੁਰਦਿਆਲ ਸਿੰਘ ਚੋਹਲਾ, ਕੁਲਵੰਤ ਸਿੰਘ ਨੌਸ਼ਹਿਰਾ ਪੰਨੂੰਆਂ ਆਦਿ ਮੈਂਬਰ ਹਾਜ਼ਰ ਸਨ।
