ਸੜਕ ਹਾਦਸੇ ''ਚ ਨਾਕਾਰਾ ਹੋਏ ਪਤੀ ਦੀ ਸਾਊਦੀ ਅਰਬ ਗਈ ਪਤਨੀ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ
Tuesday, Nov 14, 2017 - 04:31 AM (IST)

ਅੱਪਰਾ (ਦੀਪਾ)— ਕਰੀਬੀ ਪਿੰਡ ਅੱਟੀ ਤਹਿ. ਫਿਲੌਰ ਦੇ ਵਸਨੀਕ ਲਾਲ ਚੰਦ ਉਰਫ ਲਾਲੀ ਮੱਲ ਦਾ ਲਗਭਗ 3 ਸਾਲ ਪਹਿਲਾਂ ਸੜਕ ਹਾਦਸੇ 'ਚ ਸਰੀਰ ਨਾਕਾਰਾ ਹੋ ਗਿਆ ਸੀ, ਜਿਸ ਦੀਆਂ ਦੋਵੇਂ ਲੱਤਾਂ ਟੁੱਟ ਜਾਣ ਕਾਰਨ ਦੋਵੇਂ ਲੱਤਾਂ 'ਚ ਰਾਡ ਪਾਉਣੇ ਪਏ ਸਨ। ਲਾਲ ਚੰਦ ਨੇ ਦੱਸਿਆ ਕਿ ਉਸ ਦੀਆਂ ਤਿੰਨ ਬੇਟੀਆਂ ਹਨ, ਜਿਨਾਂ 'ਚ ਇੱਕ ਲੜਕੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਕੀਤਾ ਹੈ। ਦੂਸਰੀਆਂ ਬੇਟੀਆਂ ਸੁਖਦੀਪ ਮੱਲ ਅਤੇ ਮਨਪ੍ਰੀਤ ਕੌਰ ਪੜ੍ਹਦੀਆਂ ਹਨ ਅਤੇ ਛੋਟੀਆਂ ਹੋਣ ਦੇ ਬਾਵਜੂਦ ਵੀ ਘਰ ਦਾ ਖਾਣਾ ਬਣਾਉਣਾ ਪੈਂਦਾ ਹੈ। ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਇਲਾਜ ਵਾਸਤੇ ਤੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਸਰਕਾਰ ਵਲੋਂ ਕੋਈ ਮੱਦਦ ਨਾ ਮਿਲਣ ਕਰਕੇ ਉਸ ਦੀ ਪਤਨੀ ਸੋਨੀਆਂ ਨੂੰ ਘਰ ਦਾ ਗੁਜਾਰਾ ਚਲਾਉਣ ਲਈ ਸਾਊਦੀ ਅਰਬ ਜਾਣਾ ਪਿਆ ਪਰ ਸਾਊਦੀ ਅਰਬ ਤੋਂ ਸੋਨੀਆਂ ਨੇ ਆਪਣੀ ਵੀਡੀਓ ਭੇਜ ਕੇ ਦੱਸਿਆ ਕਿ ਉਸ ਨੂੰ ਸਾਊਦੀ ਅਰਬ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਉਸ ਤੋਂ ਦਿਨ-ਰਾਤ ਕੰਮ ਲਿਆ ਜਾਂਦਾ ਅਤੇ ਤਨਖਾਹ ਵੀ ਨਹੀਂ ਦਿੱਤੀ ਜਾਂਦੀ। ਸੋਨੀਆ ਤੇ ਉਸਦੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪੰਜਾਬ ਸਰਕਾਰ ਅਤੇ ਭਗਵੰਤ ਮਾਨ ਪਾਸੋਂ ਭਾਰਤ ਵਾਪਸ ਬੁਲਾਉਣ ਲਈ ਗੁਹਾਰ ਲਗਾਈ ਹੈ।